ਲਾਇਲਪੁਰ ਖ਼ਾਲਸਾ ਕਾਲਜ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Sun, 08 Mar 2026 08:40 PM (IST)
Updated Date: Sun, 08 Mar 2026 08:42 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ, ਐੱਨਐੱਸਐੱਸ ਵਿਭਾਗ ਤੇ ਮਹਿਲਾ ਵਿਕਾਸ ਸੈੱਲ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ, ਜਿਸ ਵਿਚ ਉੱਘੀ ਗਾਇਨਾਕੋਲੋਜਿਸਟ ਤੇ ਸਮਾਜ ਸੇਵਿਕਾ ਡਾ. ਸੁਰਜੀਤ ਕੌਰ ਮੁੱਖ ਮਹਿਮਾਨ ਵਜੋਂ ਤੇ ਡਾ. ਮੀਨਾ ਸੇਠੀ, ਮਿਸਿਜ ਰਾਜਿਤਾ ਗੁਪਤਾ ਤੇ ਪ੍ਰੋ. ਨਵਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿਚ ਮਹਿਲਾਵਾਂ ਦੇ ਸਨਮਾਨ ਤੇ ਉਨ੍ਹਾਂ ਦੀ ਤਰੱਕੀ ਲਈ ਕੋਸ਼ਿਸ਼ਾਂ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਭਾਸ਼ਣ, ਕਵਿਤਾ, ਸੋਲੋ ਡਾਂਸ ਅਤੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦਿੱਤਾ। ਵਿਦਿਆਰਥਣਾਂ ਨੇ ਮਹਿਲਾਵਾਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਅਤੇ ਸਮਾਜ ਵਿਚ ਮਹਿਲਾਵਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਡਾ. ਸੁਰਜੀਤ ਕੌਰ ਨੇ ਮਹਿਲਾਵਾਂ ਦੀ ਸਸ਼ਕਤੀਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ, ਮਹਿਲਾਵਾਂ ਦੀ ਸਮਾਜ ਵਿਚ ਭੂਮਿਕਾ ਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਘਰ, ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ ਤੇ ਅੱਜ ਦੀ ਮਹਿਲਾ ਹਰ ਖੇਤਰ ਵਿਚ ਆਪਣੀ ਕਾਬਲੀਯਤ ਦਾ ਲੋਹਾ ਮਨਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਸਿੱਖਿਆਯੁਕਤ ਤੇ ਸਸ਼ਕਤ ਮਹਿਲਾ ਹੀ ਸਮਾਜ ਦੀ ਮਜ਼ਬੂਤ ਨੀਂਹ ਬਣਦੀ ਹੈ। ਇਸ ਲਈ ਮਹਿਲਾਵਾਂ ਦੀ ਸਿੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਡਾ. ਮੀਨਾ ਸੇਠੀ, ਮਿਸਿਜ ਰਾਜਿਤਾ ਗੁਪਤਾ ਤੇ ਪ੍ਰੋ. ਨਵਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਮਹਿਲਾ ਸਮਾਜ ਦੀ ਅਹਿਮ ਨੀਂਹ ਹੈ। ਉਹ ਸਿਰਫ਼ ਘਰ ਦੀ ਸੰਭਾਲ ਕਰਨ ਵਾਲੀ ਹੀ ਨਹੀਂ, ਸਗੋਂ ਇਕ ਮਾਂ, ਭੈਣ, ਅਧਿਆਪਕਾ ਤੇ ਸਮਾਜ ਸੇਵਕ ਆਦਿ ਦੇ ਰੂਪ ਵਿਚ ਵੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਮਹਿਲਾਵਾਂ ਨੂੰ ਮੌਕਾ ਮਿਲਿਆ ਹੈ, ਉਨ੍ਹਾਂ ਨੇ ਹਰ ਖੇਤਰ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅੱਜ ਦੀ ਮਹਿਲਾ ਸਿੱਖਿਆ, ਵਿਗਿਆਨ, ਖੇਡਾਂ, ਰਾਜਨੀਤੀ ਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਨਵੀਆਂ ਉੱਚਾਈਆਂ ਛੂਹ ਰਹੀ ਹੈ ਪਰ ਅਜੇ ਵੀ ਕਈ ਥਾਵਾਂ ’ਤੇ ਮਹਿਲਾਵਾਂ ਨੂੰ ਅਸਮਾਨਤਾ ਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮਹਿਲਾਵਾਂ ਨੂੰ ਬਰਾਬਰ ਦੇ ਅਧਿਕਾਰ ਤੇ ਸਤਿਕਾਰ ਦੇਈਏ। ਜਦੋਂ ਮਹਿਲਾਵਾਂ ਅੱਗੇ ਵਧਦੀਆਂ ਹਨ ਤਾਂ ਪੂਰਾ ਸਮਾਜ ਅੱਗੇ ਵਧਦਾ ਹੈ। ਇਸ ਲਈ ਸਾਨੂੰ ਮਹਿਲਾ ਸਸ਼ਕਤੀਕਰਨ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਉਪਲੱਬਧੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਰੈੱਡ ਰਿਬਨ ਕਲੱਬ ਤੇ ਐੱਨਐੱਸਐੱਸ ਵਿਭਾਗ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਹਿਲਾਵਾਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਦੇ ਸਸ਼ਕਤੀਕਰਨ ਨਾਲ ਹੀ ਸਮਾਜ ਦੀ ਤਰੱਕੀ ਸੰਭਵ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਿੱਖਿਆ ਤੇ ਮਿਹਨਤ ਰਾਹੀਂ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਮਹਿਲਾ ਵਿਕਾਸ ਸੈੱਲ ਦੇ ਕਨਵੀਨਰ ਪ੍ਰੋ. ਦਮਨਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਢਿੱਲੋਂ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਦੁਆਰਾ ਬਖ਼ੂਬੀ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।