ਰਾਘਵ ਚੱਢਾ ਖ਼ਿਲਾਫ਼ ਕਾਰਵਾਈ ’ਤੇ ਅਕਾਲੀ ਦਲ ਦਾ ਤਿੱਖਾ ਹਮਲਾ
ਆਪ ਵਿੱਚ ਅੰਦਰੂਨੀ ਖਲਬਲੀ, ਸਾਂਸਦ ਰਾਘਵ ਚੱਢਾ ਖ਼ਿਲਾਫ਼ ਕਾਰਵਾਈ ‘ਤੇ ਅਕਾਲੀ ਦਲ ਦਾ ਤਿੱਖਾ ਪ੍ਰਹਾਰ,
Publish Date: Sun, 05 Apr 2026 10:18 PM (IST)
Updated Date: Mon, 06 Apr 2026 04:14 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ ਸ੍ਰੌਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਤੋਂ ਰਾਜ ਸਭਾ ਸਾਂਸਦ ਰਾਘਵ ਚੱਢਾ ਖ਼ਿਲਾਫ਼ ਕੀਤੀ ਗਈ ਕਾਰਵਾਈ ‘ਤੇ ਸਖਤ ਪ੍ਰਤੀਕ੍ਰਿਆ ਦਿੰਦਿਆਂ ਇਸਨੂੰ ਪਾਰਟੀ ਦੀ ਅੰਦਰੂਨੀ ਨਾਕਾਮੀ ਦਾ ਵੱਡਾ ਸਬੂਤ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਜਸਵਿੰਦਰ ਸਿੰਘ ਘੰਮਣ ਤੇ ਰਣਜੀਤ ਸਿੰਘ ਜੀਤੀ ਖੇੜਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਆਪਣੇ ਹੀ ਆਗੂਆਂ ਅਤੇ ਵਰਕਰਾਂ ਨੂੰ ਇੱਜ਼ਤ ਅਤੇ ਸੁਰੱਖਿਆ ਦੇਣ ‘ਚ ਨਾਕਾਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀ ਪਾਰਟੀ ਆਪਣੇ ਸਾਥੀਆਂ ਦੀ ਸਗੀ ਨਹੀਂ ਬਣ ਸਕਦੀ, ਉਹ ਪੰਜਾਬ ਦੇ ਲੋਕਾਂ ਦੀ ਸੱਚੀ ਹਿਮਾਇਤੀ ਹੋਣ ਦਾ ਦਾਅਵਾ ਕਿਵੇਂ ਕਰ ਸਕਦੀ ਹੈ? ਉਨ੍ਹਾਂ ਦੋਸ਼ ਲਾਇਆ ਕਿ ਆਪ ਅੰਦਰੂਨੀ ਤੌਰ ’ਤੇ ਗੰਭੀਰ ਟਕਰਾਅ ਅਤੇ ਗੁੱਟਬੰਦੀ ਦਾ ਸ਼ਿਕਾਰ ਹੈ, ਜਿੱਥੇ ਆਗੂਆਂ ਨੂੰ ਦਬਾਇਆ ਜਾਂਦਾ ਹੈ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨਾਲ ਕਾਰਵਾਈ ਕੀਤੀ ਜਾਂਦੀ ਹੈ। ਜਸਵਿੰਦਰ ਸਿੰਘ ਘੁੰਮਣ ਤੇ ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਪਾਰਟੀ ਵਿੱਚ ਲੋਕਤੰਤਰਕ ਮੁੱਲਾਂ ਦੀ ਘਾਟ ਹੈ ਅਤੇ ਫੈਸਲੇ ਇਕਤਰਫ਼ਾ ਤਰੀਕੇ ਨਾਲ ਲਏ ਜਾ ਰਹੇ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਹ ਸਭ ਕੁਝ ਦੇਖ ਰਹੇ ਹਨ ਅਤੇ ਸਮਝ ਰਹੇ ਹਨ ਕਿ ਕਿਵੇਂ ਆਪ ਨੇ ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਪਰ ਹੁਣ ਆਪਣੇ ਹੀ ਆਗੂਆਂ ਨਾਲ ਇਨਸਾਫ਼ ਨਹੀਂ ਕਰ ਰਹੀ। ਇਹ ਸਿਰਫ਼ ਇੱਕ ਆਗੂ ਦਾ ਮਾਮਲਾ ਨਹੀਂ, ਸਗੋਂ ਪੂਰੀ ਪ੍ਰਣਾਲੀ ‘ਚ ਖਾਮੀਆਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਹੁਣ ਸਾਹਮਣੇ ਆ ਰਿਹਾ ਹੈ ਅਤੇ ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਪਾਰਟੀ ਅੰਦਰੂਨੀ ਤੌਰ ‘ਤੇ ਕਮਜ਼ੋਰ ਤੇ ਅਸਥਿਰ ਹੈ। ਜਸਵਿੰਦਰ ਸਿੰਘ ਘੁੰਮਣ ਤੇ ਰਣਜੀਤ ਸਿੰਘ ਜੀਤੀ ਖੇੜਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਦੇ ਲੋਕ ਆਪ ਵਲੋਂ ਕੀਤੇ ਝੂਠ ਪਰਚਾਰ ਦਾ ਮੁੰਹਤੋੜ ਜਵਾਬ ਦੇਣਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਰਹੀ ਹੈ, ਜਿਸ ’ਚ ਵਰਕਰ ਨੂੰ ਵੀ ਪੂਰਾ ਇੱਜ਼ਤ-ਮਾਣ ਮਿਲਦਾ ਰਿਹਾ ਹੈ, ਜੋ ਕਿ ਅੱਜ ਪਾਰਟੀ ਸੱਤਾ ਵਿਚ ਨਹੀ ਹੈ ਫਿਰ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਹਨ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾ ਵਿਚ ਝੂਠ ਪ੍ਰਚਾਰ ਕਰ ਕੇ ਪੰਜਾਬ ਦੀ ਸੱਤਾ ਹਾਸਲ ਕੀਤੀ ਸੀ ਜਿਸਦਾ ਜਵਾਬ ਹੁਣ ਪੰਜਾਬ ਤੇ ਲੋਕਾਂ ਵਲੋਂ ਦਿਤਾ ਜਾਵੇਗਾ।ਸ੍ਰੌਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਦੀ ਗਲ ਕੀਤੀ ਹੈ ਤੇ ਹਮੇਸ਼ਾ ਪੰਜਾਬ ਦੀ ਭਲਾਈ ਲਈ ਕੰਮ ਕੀਤੇ ਹਨ।ਜੋਕਿ ਅਜ ਵੀ ਲੋਕਾਂ ਦੇ ਦਿਲਾ ਵਿੱਚ ਵਸੇ ਹੋਏ ਹਨ ਜਦਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਝੂਠ ਪ੍ਰਚਾਰ ਹੀ ਕੀਤਾ ਹੈ।