ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ’ਚ ਕਰਵਾਈ ਰਾਸ਼ਟਰੀ ਵਰਕਸ਼ਾਪ
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿੱਚ ਆਧੁਨਿਕ ਯੁੱਗ ਵਿੱਚ ਅੰਤਰ-ਪੀੜ੍ਹੀਕ ਸਾਂਝ
Publish Date: Mon, 02 Mar 2026 08:24 PM (IST)
Updated Date: Mon, 02 Mar 2026 08:25 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ “ਆਧੁਨਿਕ ਯੁੱਗ ਵਿਚ ਅੰਤਰ-ਪੀੜ੍ਹੀਕ ਸਾਂਝ” ਵਿਸ਼ੇ ਉੱਤੇ ਰਾਸ਼ਟਰੀ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਸਿੱਧ ਸਿੱਖਿਆ ਸ਼ਾਸਤਰੀ ਪਦਮ ਸ਼੍ਰੀ ਪ੍ਰੋ. (ਡਾ.) ਹਰਮੋਹਿੰਦਰ ਸਿੰਘ ਬੇਦੀ ਚਾਂਸਲਰ, ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਮੁੱਖ ਮਹਿਮਾਨ ਵਜੋਂ ਤੇ ਡਾ. ਜਗਸੀਰ ਸਿੰਘ ਪ੍ਰਿੰਸੀਪਲ ਬੇਬੇ ਨਾਨਕ ਯੂਨੀਵਰਸਿਟੀ ਕਾਲਜ, ਮਿੱਠੜਾ ਕੀ-ਨੋਟ ਸਪੀਕਰ ਵਜੋਂ ਸ਼ਾਮਲ ਹੋਏ। ਵਰਕਸ਼ਾਪ ਵਿਚ ਡਾ. ਤੇਜਿੰਦਰ ਵਿਰਲੀ, ਮੁਖੀ ਪੰਜਾਬੀ ਵਿਭਾਗ, ਕੇਆਰਐੱਮਡੀਏਵੀ ਕਾਲਜ ਨਕੋਦਰ, ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਜ਼ਿਲ੍ਹਾ ਐਕਟੀਵਿਟੀ ਕੋਆਰਡੀਨੇਟਰ ਸਿੱਖਿਆ ਵਿਭਾਗ ਸੁਨੀਲ ਬਜਾਜ, ਸੀਨੀਅਰ ਐਡਵੋਕੇਟ ਅਨੁਜ ਆਨੰਦ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਡਾ. ਨਵਲੀਨ ਮੁਲਤਾਨੀ ਡੀਨ ਰਿਸਰਚ, ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਤੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਮੁੱਖ ਮਹਿਮਾਨ, ਕੀ-ਨੋਟ ਸਪੀਕਰ ਤੇ ਰਿਸੋਰਸ ਪਰਸਨ ਨੂੰ ਖ਼ੂਬਸੂਰਤ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਡਾ. ਨਵਲੀਨ ਮੁਲਤਾਨੀ ਡੀਨ ਰਿਸਰਚ ਨੇ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਆਧੁਨਿਕ ਤੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿਚ ਵੱਖ-ਵੱਖ ਪੀੜ੍ਹੀਆਂ ਦਰਮਿਆਨ ਬਣ ਰਹੇ ਫ਼ਾਸਲੇ ਨੂੰ ਘਟਾਉਣਾ ਤੇ ਆਪਸੀ ਸਮਝ, ਸਤਿਕਾਰ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਮੁੱਖ ਮਹਿਮਾਨ ਪਦਮ ਸ਼੍ਰੀ ਪ੍ਰੋ. ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕਿਸੇ ਵੀ ਸਮਾਜ ਦੀ ਤਾਕਤ ਉਸ ਦੀਆਂ ਪੀੜ੍ਹੀਆਂ ਵਿਚਕਾਰ ਸਾਂਝ ਤੇ ਸਤਿਕਾਰ ਵਿਚ ਹੁੰਦੀ ਹੈ। ਉਨ੍ਹਾਂ ਨੇ ਦਰਸਾਇਆ ਕਿ ਆਧੁਨਿਕ ਤਕਨਾਲੋਜੀ, ਡਿਜ਼ੀਟਲ ਮੀਡੀਆ ਤੇ ਸੰਚਾਰ ਦੇ ਢੰਗਾਂ ਨੇ ਮਨੁੱਖੀ ਜੀਵਨ ਸ਼ੈਲੀ ਨੂੰ ਬਦਲ ਦਿੱਤਾ ਹੈ, ਜਿਸ ਨਾਲ਼ ਪੀੜ੍ਹੀਆਂ ਵਿਚਕਾਰ ਵਿਚਾਰਾਂ ਦਾ ਅੰਤਰ ਵਧ ਜਾਂਦਾ ਹੈ। ਜੇਕਰ ਨੌਜਵਾਨਾਂ ਦੀ ਊਰਜਾ ਤੇ ਨਵਚੇਤਨਾ ਨੂੰ ਵੱਡਿਆਂ ਦੇ ਅਨੁਭਵ ਤੇ ਸਿਆਣਪ ਨਾਲ ਜੋੜਿਆ ਜਾਵੇ ਤਾਂ ਇਕ ਸੰਤੁਲਿਤ ਤੇ ਮਜ਼ਬੂਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਪਰਿਵਾਰ, ਅੰਤਰ-ਪੀੜ੍ਹੀਕ ਸਾਂਝ ਦਾ ਪਹਿਲਾ ਤੇ ਸਭ ਤੋਂ ਮਹੱਤਵਪੂਰਨ ਕੇਂਦਰ ਹੁੰਦਾ ਹੈ। ਘਰ ਵਿਚ ਬੱਚਿਆਂ ਤੇ ਬਜ਼ੁਰਗਾਂ ਦਰਮਿਆਨ ਗੱਲਬਾਤ, ਸੱਭਿਆਚਾਰਕ ਮੁੱਲਾਂ ਦੀ ਸਾਂਝ ਤੇ ਇਕ-ਦੂਜੇ ਦੀ ਭਾਵਨਾਵਾਂ ਦੀ ਕਦਰ ਸਮਾਜਿਕ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਡਾ. ਜਗਸੀਰ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਵੱਡਿਆਂ ਦੇ ਜੀਵਨ ਅਨੁਭਵਾਂ ਤੋਂ ਸਿੱਖਣ ਤੇ ਬਜ਼ੁਰਗ ਪੀੜ੍ਹੀ ਨੂੰ ਨਵੀਆਂ ਤਕਨਾਲੋਜੀ ਤੇ ਨਵੀਂ ਸੋਚ ਨੂੰ ਸਵੀਕਾਰ ਕਰਨ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਡਾ. ਤੇਜਿੰਦਰ ਵਿਰਲੀ, ਸਰਵਣ ਸਿੰਘ ਔਜਲਾ, ਸੁਨੀਲ ਬਜਾਜ ਅਤੇ ਅਨੁਜ ਆਨੰਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਟਰ-ਜੈਨਰੇਸ਼ਨ ਗੈਪ ਦਾ ਅਰਥ ਹੈ ਦੋ ਜਾਂ ਵੱਧ ਪੀੜੀਆਂ ਵਿਚਕਾਰ ਸੋਚ, ਵਿਚਾਰਧਾਰਾ, ਜੀਵਨ-ਸ਼ੈਲੀ, ਮੁੱਲਾਂ ਤੇ ਤਕਨਾਲੋਜੀ ਦੇ ਇਸਤੇਮਾਲ ਵਿਚ ਪੈਦਾ ਹੋਇਆ ਅੰਤਰ। ਸਮੇਂ ਦੇ ਨਾਲ ਸਮਾਜਿਕ, ਸਾਂਸਕ੍ਰਿਤਿਕ ਤੇ ਤਕਨੀਕੀ ਬਦਲਾਅ ਆਉਂਦੇ ਹਨ, ਜਿਸ ਕਾਰਨ ਨਵੀਂ ਤੇ ਪੁਰਾਣੀ ਪੀੜੀ ਦੇ ਵਿਚਕਾਰ ਵਿਚਾਰਾਂ ਦਾ ਫਰਕ ਵੱਧ ਜਾਂਦਾ ਹੈ। ਉਨ੍ਹਾਂ ਨੇ ਇਸ ਗੈਪ ਨੂੰ ਘਟਾਉਣ ਲਈ ਸੰਵਾਦ, ਸਹਿਣਸ਼ੀਲਤਾ ਤੇ ਪਰਸਪਰ ਆਦਰ ਦੀ ਲੋੜ ‘ਤੇ ਜ਼ੋਰ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਪਰਿਵਾਰ ਅਤੇ ਸਮਾਜ ਵਿਚ ਵੱਡਿਆਂ ਦੇ ਤਜਰਬੇ ਤੇ ਨੌਜਵਾਨਾਂ ਦੀ ਨਵੀਨ ਸੋਚ ਨੂੰ ਇਕੱਠਾ ਕਰਕੇ ਹੀ ਸੁਖਦਾਈ ਸਮਾਜ ਦੀ ਰਚਨਾ ਕੀਤੀ ਜਾ ਸਕਦੀ ਹੈ। ਅੰਤ ਵਿੱਚ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਭਨਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਇਸ ਵਰਕਸ਼ਾਪ ’ਚ ਦਿਲਚਸਪੀ ਤੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਦਲਜੀਤ ਕੌਰ, ਮੈਡਮ ਗਗਨਦੀਪ ਕੌਰ ਜ਼ਿਲ੍ਹਾ ਯੂਥ ਅਫ਼ਸਰ ਮਾਈ ਭਾਰਤ ਕੇਂਦਰ, ਕਪੂਰਥਲਾ, ਵੱਖ-ਵੱਖ ਸਕੂਲਾਂ ਦੇ ਅਧਿਆਪਕ, ਸਿਵਲ ਸੁਸਾਇਟੀ ਦੇ ਮੈਂਬਰ, ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।