ਨਵੀਨਤਾ ਸਥਾਈ ਵਿਕਾਸ ਲਈ ਸੰਚਾਲਕ ਸ਼ਕਤੀ
ਨਵੀਨਤਾ ਸਥਾਈ ਵਿਕਾਸ ਲਈ ਸੰਚਾਲਕ ਸ਼ਕਤੀ
Publish Date: Thu, 19 Mar 2026 10:36 PM (IST)
Updated Date: Thu, 19 Mar 2026 10:37 PM (IST)

--ਸਇੰਸ ਸਿਟੀ ਵਿਖੇ ਇਨੋਟੈੱਕ 2026 ਦਾ ਆਯੋਜਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਮਿਲ ਕੇ ਸਾਇੰਸ ਸਿਟੀ ਦੇ 20ਵੇਂ ਸਥਾਪਨਾ ਦਿਵਸ ’ਤੇ ਇਨੋਟੈੱਕ 2026 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬ ਭਰ ਦੇ ਇੰਜੀਨੀਅਰਿੰਗ ਤੇ ਪੋਲੀਟੈਕਨਿਕ ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਆਧੁਨਿਕ ਤਕਨੀਕਾਂ ‘ਤੇ ਆਧਾਰਤ ਖੋਜ ਭਰਪੂਰ ਮਾਡਲ ਪ੍ਰਦਰਸ਼ਿਤ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿਚ ਦੇਸ਼ ਦੇ ਸਥਾਈ ਵਿਕਾਸ ਤੇ ਮੁਕਾਬਲੇਬਾਜ਼ੀ ਲਈ ਨਵੀਨਤਾ ਪ੍ਰਮੁੱਖ ਪ੍ਰੇਰਣਾ ਸ਼ਕਤੀ ਹੈ। ਵਿਅਕਤੀਗਤ ਪੱਧਰ ‘ਤੇ ਨਵੀਆਂ-ਨਵੀਆਂ ਯੁਗਤਾਂ ਗੁੰਝਲਦਾਰ ਤੇ ਮਹਿੰਗੀਆਂ ਪ੍ਰਕਿਰਿਆਵਾਂ ਨੂੰ ਸਰਲ ਤੇ ਸਸਤਾ ਬਣਾਉਣ ਦੀ ਅਗਵਾਈ ਕਰਦੀਆਂ ਹਨ। ਇਸ ਦੇ ਨਤੀਜੇ ਵਜੋਂ ਹੀ ਨਵੇਂ ਖੇਤਰ, ਤਕਨਾਲੋਜੀ ਤੇ ਮੌਕੇ ਪੈਦਾ ਹੁੰਦੇ ਹਨ, ਜਿਹੜੇ ਕਿ ਅੱਗੋਂ ਜਾ ਕੇ ਦੇਸ਼ ਦਾ ਸਥਾਈ ਵਿਕਾਸ ਯਕੀਨੀ ਬਣਾਉਂਦੇ ਹਨ। ਇਸ ਮੌਕੇ ਨੌਜਵਾਨ ਇੰਜੀਨੀਅਰਾਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਵਿਗਿਆਨੀ ਇੰਜੀ. ਰਿਤੇਸ਼ ਪਾਠਕ ਨੇ ਕਿਹਾ ਕਿ ਇਹ ਪ੍ਰੋਗਰਾਮ, ਪ੍ਰੋਫ਼ੈਸ਼ਨਲ ਕਾਲਜਾਂ ਦੇ ਵਿਦਿਆਰਥੀਆਂ ਤੋਂ ਕਾਰਜਸ਼ੀਲ ਮਾਡਲ ਤਿਆਰ ਕਰਵਾ ਕੇ ਉਨ੍ਹਾਂ ਨੂੰ ਨਵੀਨਤਾ ਤੇ ਰਚਨਾਤਮਕਤਾ ਵੱਲ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਵਿਕਅਤੀਗਤ ਪੱਧਰੋ ਤੇ ਨਵੀਨਤਕਾਰਾਂ ਨੂੰ ਉਦਮੀ ਬਣਨ ਦੇ ਮੌਕੇ ਪ੍ਰਦਾਨ ਕਰਨ ਵਿਚ ਸਹਾਇਕ ਹੁੰਦੇ ਹਨ। ਇਨੋਟੈੱਕ 2026 ਦੌਰਾਨ ਵਿਦਿਆਰਥੀਆਂ ਵੱਲੋਂ ਨਵੀਨਤਾ ਦਾ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਾਹਿਰਾਂ ਦੇ ਪੈਨਲ ਜਿਸ ਵਿਚ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਡਾ. ਬਲਵਿੰਦਰ ਸਿੰਘ ਸੋਚ, ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਿਸਟੀ ਤੋਂ ਡਾ. ਰਮਨ ਕੁਮਾਰ ਤੇ ਥਾਪਰ ਇੰਸਟੀਚਿਉਟ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਪਾਟਿਆਲਾ ਦੇ ਡਾ. ਵਿਕਾਸ ਹਾਂਡਾ ਸ਼ਾਮਲ ਸਨ, ਵੱਲੋਂ ਮਾਡਲਾਂ ਦੇ ਕੀਤੇ ਗਏ ਨਿਰੀਖਣ ਉਪਰੰਤ ਐਲਾਨੇ ਗਏ ਨਤੀਜੇ ਇਸ ਪ੍ਰਕਾਰ ਰਹੇ : ਸਾਫ਼ਟਵੇਅਰ ਇੰਜੀਨੀਅਰਿੰਗ ਕੈਟਾਗਿਰੀ ਵਿਚ ਪਹਿਲਾ ਸਥਾਨ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ ਦੀ ਟੀਮ ਨੇ ਹਾਸਲ ਕੀਤਾ, ਪੋਲੀਟੈਕਿਨਕ ਕੈਟਾਗਿਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੀ ਟੀਮ ਅੱਵਲ ਰਹੀ। ਆਟੋਮੋਬਾਇਲ ਇੰਜੀਨੀਅਰੰਗ ਕੈਟਿਗਰੀ ਵਿਚ ਵੀ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਪਹਿਲੇ ਨੰਬਰ ’ਤੇ ਆਏ। ਪੋਲੀਟੈਕਨਿਕ ਕਾਲਜਾਂ ਦੀ ਕੈਟਾਗਿਰੀ ਵਿਚ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਅਰਥੀਆਂ ਨੇ ਮਾਰਕਾ ਮਾਰਿਆ। ਇਸੇ ਤਰ੍ਹਾਂ ਹੀ ਮੈਕਾਟ੍ਰੋਨਿਕ ਕੈਟਿਗਰੀ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਿਸਟੀ ਦੇ ਪੋਲੀਟੈਕਨਿਕ ਦੇ ਵਿਦਿਆਰਥੀਆਂ ਅੱਵਲ ਰਹੇ।