ਲਾਇਲਪੁਰ ਖ਼ਾਲਸਾ ਕਾਲਜ ’ਚ ਥੈਲੇਸੀਮੀਆ ’ਤੇ ਸੈਮੀਨਾਰ ਕਰਵਾਇਆ
ਇੰਨਰਵੀਲ ਕਲੱਬ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਥੈਲੇਸੀਮੀਆ ਦੀ ਜਾਗਰੂਕਤਾ ਬਾਰੇ ਸੈਮੀਨਾਰ ਆਯੋਜਿਤ
Publish Date: Fri, 06 Mar 2026 07:21 PM (IST)
Updated Date: Fri, 06 Mar 2026 07:24 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇਨਰਵੀਲ ਕਲੱਬ ਕਪੂਰਥਲਾ ਦੇ ਸਹਿਯੋਗ ਨਾਲ ਥੈਲੇਸੀਮੀਆ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਮਹੱਤਵਪੂਰਨ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਇਨਰਵੀਲ ਕਲੱਬ ਦੇ ਬੋਰਡ ਆਫ਼ ਡਾਇਰੈਕਟਰ ਡਾ. ਸੁਰਜੀਤ ਕੌਰ ਮੁੱਖ ਰਿਸੋਰਸ ਪਰਸਨ ਵਜੋਂ ਤੇ ਕਲੱਬ ਦੇ ਪ੍ਰਧਾਨ ਡਾ. ਮੀਨਾ ਸੇਠੀ, ਉਪ ਪ੍ਰਧਾਨ ਮਿਸਿਜ ਰਾਜਿਤਾ ਗੁਪਤਾ ਤੇ ਮੈਂਬਰ ਪ੍ਰੋ. ਨਵਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਖ਼ੂਬਸੂਰਤ ਫੁੱਲਾਂ ਦੇ ਗੁਲਦਸਤੇ ਨਾਲ ਮੁੱਖ ਰਿਸੋਰਸ ਪਰਸਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ। ਪ੍ਰਿੰਸੀਪਲ ਡਾ. ਢਿੱਲੋ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਥੈਲੇਸੀਮੀਆ ਬਿਮਾਰੀ ਦੇ ਕਾਰਣਾਂ, ਲੱਛਣਾਂ ਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਸੀ। ਸੈਮੀਨਾਰ ਦੌਰਾਨ ਮੁੱਖ ਰਿਸੋਰਸ ਪਰਸਨ ਡਾ. ਸੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਥੈਲੇਸੀਮੀਆ ਇਕ ਵਿਰਾਸਤੀ ਬਿਮਾਰੀ ਹੈ, ਜੋ ਸਰੀਰ ਵਿਚ ਸਿਹਤਮੰਦ ਹੀਮੋਗਲੋਬਿਨ ਬਣਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਅਕਸਰ ਨਿਯਮਿਤ ਖ਼ੂਨ ਚੜ੍ਹਾਉਣ ਤੇ ਲਗਾਤਾਰ ਡਾਕਟਰੀ ਦੇਖਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਤੇ ਗਰਭ ਅਵਸਥਾ ਦੌਰਾਨ ਜਾਂਚ (ਸਕ੍ਰੀਨਿੰਗ) ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਧਾਰਣ ਖ਼ੂਨ ਦੀ ਜਾਂਚ ਕਰਵਾ ਕੇ ਇਹ ਜਾਨਣ ਕਿ ਉਹ ਥੈਲੇਸੀਮੀਆ ਜੀਨ ਦੇ ਵਾਹਕ ਤਾਂ ਨਹੀਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਆਹ ਤੋਂ ਪਹਿਲਾਂ ਥੈਲੇਸੀਮੀਆ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਬਿਮਾਰੀ ਨੂੰ ਅਗਲੀ ਪੀੜ੍ਹੀ ਵਿਚ ਫੈਲਣ ਤੋਂ ਰੋਕਿਆ ਜਾ ਸਕੇ। ਥੈਲੇਸੀਮੀਆ ਨਾਲ ਪੀੜਤ ਮਰੀਜ਼ਾਂ ਨੂੰ ਸਮੇਂ-ਸਮੇਂ ‘ਤੇ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ ਤੇ ਸਮਾਜ ਨੂੰ ਅੱਗੇ ਆ ਕੇ ਖ਼ੂਨ ਦਾਨ ਕਰਨਾ ਚਾਹੀਦਾ ਹੈ। ਸੈਮੀਨਾਰ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਵਾਲ ਵੀ ਪੁੱਛੇ ਤੇ ਇਸ ਬਿਮਾਰੀ ਬਾਰੇ ਵਿਸਥਾਰ ਸਹਿਤ ਗਿਆਨ ਹਾਸਲ ਕੀਤਾ। ਸੈਮੀਨਾਰ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਡਾ. ਅਮਰੀਕ ਸਿੰਘ, ਪ੍ਰੋ. ਦਮਨਜੀਤ ਕੌਰ, ਪ੍ਰੋ. ਜਸਪ੍ਰੀਤ ਕੌਰ ਪ੍ਰੋ. ਸੰਦੀਪ ਸਿੰਘ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।