ਇਨਰਵੀਲ ਕਲੱਬ ਨੇ ਥੈਲੇਸੀਮੀਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਇੰਨਰਵੀਲ ਕਲੱਬ ਨੇ ਥੈਲੇਸੀਮੀਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Thu, 19 Feb 2026 08:50 PM (IST)
Updated Date: Thu, 19 Feb 2026 08:51 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਇਨਰਵੀਲ ਕਲੱਬ ਆਫ ਕਪੂਰਥਲਾ ਵੱਲੋਂ ਥੈਲੇਸੀਮੀਆ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਚ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਮਾਜ ਨੂੰ ਇਸ ਜੈਨੇਟਿਕ ਖੂਨ ਦੀ ਬਿਮਾਰੀ ਬਾਰੇ ਜਾਣਕਾਰੀ ਦੇਣਾ ਤੇ ਰੋਕਥਾਮ ਲਈ ਸਾਵਧਾਨੀ ਵਰਤਣ ਲਈ ਪ੍ਰੇਰਿਤ ਕਰਨਾ ਸੀ। ਪ੍ਰੋਗਰਾਮ ਦੀ ਮੁੱਖ ਬੁਲਾਰਾ ਪੀਆਈਆਈਡਬਲਿਊਬੀਡੀ ਡਾ. ਸੁਰਜੀਤ ਕੌਰ, ਪ੍ਰਸਿੱਧ ਗਾਇਨੇਕੋਲੋਜਿਸਟ ਸਨ, ਜਿਨ੍ਹਾਂ ਨੇ ਥੈਲੇਸੀਮੀਆ ਦੇ ਕਾਰਨ, ਲੱਛਣ, ਇਲਾਜ ਤੇ ਸਮੇਂ ਸਿਰ ਜਾਂਚ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਵਿਆਹ ਤੋਂ ਪਹਿਲਾਂ ਖੂਨ ਦੀ ਜਾਂਚ ਕਰਵਾ ਕੇ ਇਸ ਬਿਮਾਰੀ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਇਸ ਮੌਕੇ ਡੀਈਐੱਸਓ ਸੋਨਿਕਾ ਗੁਪਤਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਅੰਤ ਵਿਚ ਡਾ. ਮੀਨਾ ਸੇਠੀ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਥੈਲੇਸੀਮੀਆ ਬਾਰੇ ਜਾਗਰੂਕਤਾ ਦਾ ਸੰਦੇਸ਼ ਹਰ ਘਰ ਤੱਕ ਪਹੁੰਚਾਇਆ ਜਾਵੇ, ਤਾਂ ਜੋ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਇਨਰਵੀਲ ਕਲੱਬ ਦੀਆਂ ਮੈਂਬਰਾਂ ਨੇ ਸਮਾਜਿਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕਲੱਬ ਭਵਿੱਖ ਵਿਚ ਵੀ ਸਿਹਤ ਤੇ ਸਿੱਖਿਆ ਨਾਲ ਸਬੰਧਤ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਦਾ ਰਹੇਗਾ।