ਈਰਾਨ ’ਚ ਇਤਿਹਾਸਕ ਗੁਰੂ ਧਾਮਾਂ ਦੀ ਸੁਰੱਖਿਆ ਲਈ ਭਾਰਤ ਦਖ਼ਲ ਦੇਵੇ : ਸੰਤ ਸੀਚੇਵਾਲ
ਇਰਾਨ ਵਿੱਚਲੇ ਇਤਿਹਾਸਕ ਗੁਰੂ ਧਾਮਾਂ ਦੀ ਸੁਰੱਖਿਆ ਲਈ ਭਾਰਤ ਦਖ਼ਲ ਦੇਵੇ : ਸੰਤ ਸੀਚੇਵਾਲ
Publish Date: Sat, 07 Mar 2026 08:24 PM (IST)
Updated Date: Sat, 07 Mar 2026 08:27 PM (IST)

--ਸ਼ਵਦੇਸ਼ ਰਵਾਨਾ ਹੋਣ ਤੋਂ ਪਹਿਲਾਂ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਈਰਾਨ ਵਿਚਲੇ ਦੋਵੇਂ ਗੁਰਦੁਆਰੇ ਸਰਬੱਤ ਦੇ ਭਲੇ ਦੇ ਪ੍ਰਤੀਕ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ 13 ਦਿਨਾਂ ਦੀ ਫਿਲੀਪੀਂਸ ਫੇਰੀ ਦੌਰਾਨ ਸਵਦੇਸ਼ ਰਵਾਨਾ ਹੋਣ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸੰਤ ਸੀਚੇਵਾਲ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਜਾ ਰਹੇ ਹਮਲਿਆਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਈਰਾਨ ‘ਤੇ ਹੋ ਰਹੇ ਹਮਲਿਆਂ ਨਾਲ ਜਿਥੇ ਸਕੂਲੀ ਬੱਚਿਆਂ ਅਤੇ ਹੋਰ ਜਨਤਕ ਥਾਵਾਂ ‘ਤੇ ਹੋਏ ਹਮਲਿਆਂ ਨਾਲ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਥੇ ਸਿੱਖਾਂ ਦੇ ਇਤਿਹਾਸਕ ਗੁਰੂ ਧਾਮ ਵੀ ਇਨ੍ਹਾਂ ਮਿਜ਼ਾਇਲਾਂ, ਡਰੋਨਾਂ ਤੇ ਬੰਬਾਂ ਦੀ ਮਾਰ ਹੇਠ ਆਏ ਹੋਏ ਹਨ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਦੀ ਫਿਲੀਪੀਂਸ ਦੀ ਫੇਰੀ ਦੇ 6ਵੇਂ ਦਿਨ ਹੀ ਜੰਗ ਛਿੜ ਗਈ ਸੀ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜੰਗ ਵਿਚ ਤੁਰੰਤ ਦਖ਼ਲ ਦੇਵੇ ਤਾਂ ਜੋ ‘ਸਰਬੱਤ ਦੇ ਭਲੇ ਦੇ ਪ੍ਰਤੀਕ’ ਸਿੱਖ ਧਰਮ ਦੇ ਦੋਵੇਂ ਗੁਰੂ ਘਰ ਸੁਰੱਖਿਅਤ ਰਹਿ ਸਕਣ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰੁਤਬੇ ਦੀ ਵਰਤੋਂ ਕਰਦਿਆਂ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਨਾਲ ਸਬੰਧਤ ਗੁਰੂ ਘਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਆਪਣੀ ਕੂੰਜੀਵਤ ਭੂਮਿਕਾ ਨਿਭਾਉਣ। ਸੰਤ ਸੀਚੇਵਾਲ ਨੇ ਕੌਮਾਂਤਰੀ ਸੰਸਥਾਵਾਂ ਤੇ ਖ਼ਾਸ ਕਰਕੇ ਯੂਐੱਨਓ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਦੁਨੀਆ ਨੂੰ ਅਮਨ ਸ਼ਾਂਤੀ ਦਾ ਰਾਹ ਦਿਖਾਉਣ ਵਾਲੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨਾਂ ਨੂੰ ਇਨ੍ਹਾਂ ਵਰ੍ਹਦੀਆਂ ਮਿਜ਼ਾਇਲਾਂ ਤੇ ਬੰਬਾਂ ਦੀ ਮਾਰ ਨਾਲ ਹੋਣ ਵਾਲੀ ਤਬਾਹੀ ਤੋਂ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਜੀ-20 ਮੁਲਕਾਂ ਦੇ ਮੁਖੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਨੂੰ ਬਚਾਉਣ ਲਈ ਆਪਣੇ ਪ੍ਰਭਾਵ ਦੀ ਤੁਰੰਤ ਵਰਤੋਂ ਕਰਨ। ਜ਼ਿਕਰਯੋਗ ਹੈ ਕਿ 2003 ਤੋਂ 2011 ਤੱਕ ਚੱਲੀ ਇਰਾਕ ਜੰਗ ਦੌਰਾਨ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰੂ ਘਰਾਂ ਦਾ ਭਾਰੀ ਨੁਕਸਾਨ ਹੋਇਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਤੇ ਆਖਰੀ ਉਦਾਸੀ ਦੌਰਾਨ ਅਰਬ ਦੇਸ਼ਾਂ ਦਾ ਦੌਰਾ ਕੀਤਾ ਸੀ। ਇਸੇ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਈਰਾਨ ਵਿੱਚੋਂ ਦੀ ਲੰਘਦਿਆ ਦੇਸ਼ ਦੀ ਮੌਜੂਦਾ ਰਾਜਧਾਨੀ ਤਹਿਰਾਨ ਵਿਚ ਇਕ ਪੜਾਅ ਕੀਤਾ ਸੀ ਤੇ ਦੂਜਾ ਪੜਾਅ ਜਾਹੇਦਾਨ ਸ਼ਹਿਰ ਵਿਚ ਕੀਤਾ ਸੀ। ਉਨ੍ਹਾਂ ਕਿਹਾ ਕਿ ਇਤਿਹਾਸਕ ਅਸਥਾਨਾਂ ਦੀ ਮਹੱਤਤਾ ਉਦੋਂ ਹੀ ਰਹਿੰਦੀ ਹੈ ਜਦੋਂ ਉਹ ਸੰਕਟਾਂ ਦੌਰਾਨ ਵੀ ਕਾਇਮ ਰਹਿੰਦੇ ਹਨ। ਸਕੂਲਾਂ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣਾ ਕਾਇਰਤਾ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਭਿਆਨਕ ਜੰਗ ਦੌਰਾਨ ਕੌਮਾਂਤਰੀ ਨਿਯਮਾਂ ਦਾ ਰੱਤੀ ਭਰ ਖਿਆਲ ਨਹੀਂ ਰੱਖਿਆ ਜਾ ਰਿਹਾ ਹੈ। ਜੰਗਾਂ ਵਿਚ ਵੀ ਅਕਸਰ ਨਿਯਮਾਂ ਤੇ ਮਰਿਆਦਾਵਾਂ ਦੀ ਪਾਲਣਾ ਕੀਤੀ ਜਾਂਦੀ ਹੈ ਪਰ ਇਸ ਜੰਗ ਵਿਚ ਤਾਂ ਕਿਸੇ ਵੀ ਨਿਯਮ ਦੀ ਪ੍ਰਵਾਹ ਤੱਕ ਨਹੀਂ ਕੀਤੀ ਜਾ ਰਹੀ। ਸਕੂਲਾਂ, ਹਸਪਤਾਲਾਂ ਤੇ ਹੋਰ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਕੋਈ ਬਹਾਦਰੀ ਨਹੀਂ ਸਗੋਂ ਕਾਇਰਤਾ ਹੈ।