ਸ਼ਹਿਰ ’ਚ ਨਸ਼ੇੜੀਆਂ ਦੀ ਵਧਦੀ ਗਿਣਤੀ ਚਿੰਤਾਜਨਕ : ਰਮਨ ਸ਼ਰਮਾ
ਸ਼ਹਿਰ ਵਿੱਚ ਨਸ਼ੇੜੀਆਂ ਦੀ ਵਧਦੀ ਗਿਣਤੀ ਚਿੰਤਾਜਨਕ : ਰਮਨ ਸ਼ਰਮਾ
Publish Date: Thu, 05 Mar 2026 06:42 PM (IST)
Updated Date: Thu, 05 Mar 2026 06:44 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਇਨ੍ਹੀਂ ਦਿਨੀਂ ਫਗਵਾੜਾ ਸ਼ਹਿਰ ਦੀਆਂ ਗਲੀਆਂ ਤੇ ਮੁਹੱਲੇ ਨਸ਼ੇੜੀ ਨੌਜਵਾਨਾਂ ਨਾਲ ਭਰੇ ਹੋਏ ਹਨ। ਸ਼ਿਵ ਸੈਨਾ ਯੂਬੀਟੀ ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਨਸ਼ੇੜੀ ਨੌਜਵਾਨ ਨਾ ਸਿਰਫ਼ ਆਪਸ ਵਿਚ ਲੜਦੇ ਹਨ, ਸਗੋਂ ਦੂਜਿਆਂ ਤੇ ਹਮਲਾ ਵੀ ਕਰਦੇ ਹਨ ਤੇ ਲੋਕਾਂ ਨੂੰ ਲੁੱਟਦੇ ਵੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੋਲੀ ਵਾਲੇ ਦਿਨ ਸਥਾਨਕ ਰੇਲਵੇ ਰੋਡ ਤੇ ਕੁਝ ਨਸ਼ੇੜੀ ਨੌਜਵਾਨਾਂ ਵਿਚਕਾਰ ਭਿਆਨਕ ਲੜਾਈ ਹੋਈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਲੜਾਈ ਵਿਚ ਇਕ ਸਥਾਨਕ ਨਿਵਾਸੀ ਗੰਭੀਰ ਜ਼ਖਮੀ ਹੋ ਗਿਆ ਤੇ ਉਸਨੂੰ ਜਲੰਧਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਸ਼ੇ ਗੁਪਤ ਰੂਪ ਵਿਚ ਵਰਤੇ ਜਾਂਦੇ ਸਨ, ਪਰ ਹੁਣ ਨੌਜਵਾਨ ਹਰ ਜਗ੍ਹਾ ਖੁੱਲ੍ਹੇਆਮ ਇਨ੍ਹਾਂ ਦਾ ਸੇਵਨ ਕਰਦੇ ਦੇਖੇ ਜਾ ਸਕਦੇ ਹਨ। ਹਾਲਾਤ ਅਜਿਹੇ ਹਨ ਕਿ ਸ਼ਹਿਰ ਦੇ ਕਈ ਮੁੱਖ ਚੌਰਾਹਿਆਂ ਤੇ ਦੂਰ-ਦੁਰਾਡੇ ਇਲਾਕਿਆਂ ਵਿਚ ਨਸ਼ੇੜੀਆਂ ਦੇ ਇਕੱਠ ਆਮ ਹੋ ਗਏ ਹਨ, ਜਿਸ ਨਾਲ ਆਮ ਨਾਗਰਿਕਾਂ ਦਾ ਜੀਵਨ ਮੁਸ਼ਕਲ ਹੋ ਗਿਆ ਹੈ। ਰਮਨ ਸ਼ਰਮਾ ਨੇ ਪੁਲਿਸ ਪ੍ਰਸ਼ਾਸਨ ਨੂੰ ਨਸ਼ਿਆਂ ਦੀ ਵਰਤੋਂ ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਨੂੰ ਇਸ ਤੋਂ ਰਾਹਤ ਮਿਲ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਪਾਰਕਾਂ, ਰੇਲਵੇ ਲਾਈਨਾਂ ਦੇ ਨਾਲ-ਨਾਲ ਤੇ ਉਜਾੜ ਪਏ ਮਕਾਨਾਂ ਵਿਚ ਚੈਕਿੰਗ ਮੁਹਿੰਮ ਚਲਾਏ, ਜਿਥੇ ਲੋਕ ਦਿਨ-ਦਿਹਾੜੇ ਨਸ਼ੇ ਦਾ ਸੇਵਨ ਕਰਦੇ ਦੇਖੇ ਜਾ ਸਕਦੇ ਹਨ। ਆਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਨੌਜਵਾਨ ਚੋਰੀ, ਖੋਹ ਤੇ ਡਕੈਤੀ ਵਰਗੇ ਅਪਰਾਧ ਕਰ ਰਹੇ ਹਨ। ਰਮਨ ਸ਼ਰਮਾ ਨੇ ਦੱਸਿਆ ਕਿ ਫਗਵਾੜਾ ਦੇ ਰੇਲਵੇ ਰੋਡ ਤੇ ਦੇਰ ਰਾਤ ਤੱਕ ਖੁੱਲ੍ਹੀਆਂ ਰਹਿਣ ਵਾਲੀਆਂ ਦੁਕਾਨਾਂ ਵੀ ਨਸ਼ੇੜੀਆਂ ਲਈ ਪਨਾਹਗਾਹ ਬਣ ਗਈਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਦੇਰ ਰਾਤ ਤੱਕ ਖੁੱਲ੍ਹੀਆਂ ਰਹਿਣ ਵਾਲੀਆਂ ਦੁਕਾਨਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ।