ਸ਼ਹਿਰ ’ਚ ਵੱਧ ਰਹੀਆਂ ਲੁੱਟਾਂ-ਖੋਹਾਂ ਕਾਰਨ ਡਰ ਦਾ ਮਾਹੌਲ : ਸੁਰਜੀਤ ਸਿੰਘ
ਸ਼ਹਿਰ ਵਿੱਚ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਕਾਰਨ ਲੋਕਾਂ ’ਚ ਡਰ ਦਾ ਮਾਹੌਲ : ਸੁਰਜੀਤ ਸਿੰਘ
Publish Date: Mon, 05 Jan 2026 09:52 PM (IST)
Updated Date: Mon, 05 Jan 2026 09:53 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿਚ ਦਿਨੋਂ-ਦਿਨ ਵੱਧ ਰਹੀਆਂ ਲੁੱਟਾਂ, ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੇ ਆਮ ਲੋਕਾਂ ਚ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਵੇਰ ਤੋਂ ਸ਼ਾਮ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਪਰਾਧਕ ਤੱਤਾਂ ਵੱਲੋਂ ਨਿਡਰ ਹੋ ਕੇ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਇੰਚਾਰਜ ਸੁਰਜੀਤ ਸਿੰਘ ਨੇ ਕਰਦੇ ਹੋਏ ਡੂੰਘੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕ ਖੁਦ ਨੂੰ ਦਿਨ ਦੇ ਉਜਾਲੇ ਵਿਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸੁਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਕਮਜ਼ੋਰ ਹੋ ਰਹੀ ਹੈ। ਲੁੱਟਾਂ ਅਤੇ ਖੋਹਾਂ ਦੀਆਂ ਵਧਦੀਆਂ ਘਟਨਾਵਾਂ ਕਾਰਨ ਲੋਕ ਸ਼ਾਮ ਹੁੰਦੇ ਹੀ ਘਰੋਂ ਬਾਹਰ ਨਿਕਲਣ ਤੋਂ ਵੀ ਘਬਰਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਅਸਮਾਜਿਕ ਤੱਤਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਸ਼ਰੇਆਮ ਗੋਲੀਆਂ ਚਲਾ ਕੇ ਕਤਲ ਕੀਤੇ ਜਾ ਰਹੇ ਹਨ ਤੇ ਬਾਜ਼ਾਰ ਵਿਚ ਬੰਦੂਕ ਦੀ ਨੋਕ ’ਤੇ ਲੁੱਟ-ਖੋਹ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਬਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਸੁੰਨਸਾਨ ਸੜਕਾਂ ਉੱਤੇ ਅਪਰਾਧੀਆਂ ਦੀ ਸਰਗਰਮੀ ਵਧ ਗਈਆਂ ਹਨ, ਜਿਸ ਉੱਤੇ ਤੁਰੰਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ। ਰਾਤਰੀ ਗਸ਼ਤ ਵਧਾਈ ਜਾਵੇ, ਸੀਆਈਡੀ ਵਿਭਾਗ ਦੀ ਕਾਰਜ਼ਸੈਲੀ ਨੂੰ ਹੋਰ ਵਧਾਇਆ ਜਾਵੇ, ਸੰਵੇਦਨਸ਼ੀਲ ਇਲਾਕਿਆਂ ਵਿਚ ਵਾਧੂ ਪੁਲਿਸ ਤਾਇਨਾਤ ਕੀਤੀ ਜਾਵੇ ਅਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਅਪਰਾਧੀਆਂ ਦੇ ਹੌਸਲੇ ਹੋਰ ਵਧ ਸਕਦੇ ਹਨ, ਜਿਸ ’ਤੇ ਨਕੇਲ ਕੱਸਣਾ ਔਖਾ ਹੋ ਜਾਵੇਗਾ।