ਟੁੱਟੀ ਸੜਕ ਤੋਂ ਸਵਿਫਟ ਕਾਰ ਖੇਤਾਂ ’ਚ ਡਿੱਗੀ
ਅਧੂਰੀ ਤੇ ਟੁੱਟੀ ਸੜਕ ਬਣੀ ਹਾਦਸੇ ਦੀ ਵਜ੍ਹਾ
Publish Date: Sat, 31 Jan 2026 07:18 PM (IST)
Updated Date: Sat, 31 Jan 2026 07:19 PM (IST)

ਜਾਨੀ ਨੁਕਸਾਨ ਤੋਂ ਬਚਾਅ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਅੱਜ ਸ਼ਾਮ ਕਰੀਬ 4 ਵਜੇ ਇਕ ਸਵਿਫਟ ਕਾਰ, ਜੋ ਕਿ ਕਪੂਰਥਲਾ ਤੋਂ ਫਿਰੋਜ਼ਪੁਰ ਵੱਲ ਜਾ ਰਹੀ ਸੀ, ਪਿੰਡ ਪਾਜੀਆਂ ਡਡਵਿੰਡੀ ਨੇੜੇ ਅਧੂਰੀ ਤੇ ਟੁੱਟੀ ਹੋਈ ਸੜਕ ਕਾਰਨ ਫਿਸਲ ਕੇ ਨੇੜਲੇ ਖੇਤਾਂ ਵਿਚ ਜਾ ਡਿੱਗੀ। ਹਾਦਸੇ ਦੌਰਾਨ ਕਾਰ ਚਾਲਕ ਵਾਲ-ਵਾਲ ਬਚ ਗਿਆ, ਪਰ ਵਾਹਨ ਨੂੰ ਕਾਫ਼ੀ ਨੁਕਸਾਨ ਪੁੱਜਿਆ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਾਰ ਚਾਲਕ ਐਡਵੋਕੇਟ ਅਵਿਨਾਸ਼ ਗੁਪਤਾ ਵਾਸੀ ਹਾਊਸ ਨੰਬਰ ਪੀ5- 92.94/2 ਬਾਜ਼ਾਰ ਨੰਬਰ 5 ਫਿਰੋਜ਼ਪੁਰ ਨੇ ਦੱਸਿਆ ਕਿ ਉਹ ਬੈਂਕ ਦੇ ਜ਼ਰੂਰੀ ਕੰਮ ਸਬੰਧੀ ਆਪਣੀ ਸਵਿਫਟ ਕਾਰ ਨੰਬਰ PB-05-AJ-1236 ਰਾਹੀਂ ਜਲੰਧਰ ਗਿਆ ਸੀ। ਵਾਪਸੀ ਸਮੇਂ, ਜਦੋਂ ਉਹ ਕਪੂਰਥਲਾ ਤੋਂ ਫਿਰੋਜ਼ਪੁਰ ਵੱਲ ਆ ਰਿਹਾ ਸੀ, ਤਾਂ ਪਾਜੀਆਂ ਡਡਵਿੰਡੀ ਨੇੜੇ ਸੜਕ ਦੇ ਅਚਾਨਕ ਟੁੱਟੇ ਤੇ ਅਧੂਰੇ ਹਿੱਸੇ ਤੇ ਖਿੱਲਰੇ ਵੱਟਿਆਂ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਤੋਂ ਫਿਸਲ ਕੇ ਖੇਤਾਂ ਵਿਚ ਜਾ ਡਿੱਗੀ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਤੱਕ ਬਣ ਰਹੀ ਚਾਰ ਮਾਰਗੀ ਸੜਕ ਕਈ ਮਹੀਨਿਆਂ ਤੋਂ ਵੱਖ-ਵੱਖ ਥਾਵਾਂ ‘ਤੇ ਟੁੱਟੀ ਤੇ ਅਧੂਰੀ ਪਈ ਹੈ। ਢੁੱਕਵੇਂ ਸਾਈਨ ਬੋਰਡ ਜਾਂ ਚੇਤਾਵਨੀ ਸੰਕੇਤ ਨਾ ਹੋਣ ਕਰਕੇ ਦੂਰ-ਦੁਰਾਡੇ ਸ਼ਹਿਰਾਂ ਤੋਂ ਆਉਣ ਵਾਲੇ ਰਾਹਗੀਰਾਂ ਨੂੰ ਅੱਗੇ ਸੜਕ ਅਧੂਰੀ ਹੋਣ ਦਾ ਅੰਦਾਜ਼ਾ ਨਹੀਂ ਲੱਗਦਾ, ਜਿਸ ਕਾਰਨ ਪਾਜੀਆਂ ਡਡਵਿੰਡੀ ਨੇੜੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ 5-6 ਮਨੁੱਖੀ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ। ਘਟਨਾ ਸਮੇਂ ਮੌਜੂਦ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਤੇ ਸਬੰਧਤ ਵਿਭਾਗਾਂ ਵੱਲੋਂ ਇਸ ਮਾਰਗ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ, ਜਦਕਿ ਸਮੇਂ ਸਿਰ ਮੁਰੰਮਤ ਅਤੇ ਚੇਤਾਵਨੀ ਬੋਰਡ ਲਗਾ ਕੇ ਅਜਿਹੇ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।