ਬਜ਼ੁਰਗ ਦਾ ਏਟੀਐੱਮ ਕਾਰਡ ਬਦਲ ਕੇ 87 ਹਜ਼ਾਰ ਦੀ ਠੱਗੀ
ਕਪੂਰਥਲਾ ਵਿੱਚ ਬਜ਼ੁਰਗ ਪਾਸੋਂ ਏ.ਟੀ.ਐਮ. ਕਾਰਡ ਬਦਲ ਕੇ 87 ਹਜ਼ਾਰ ਦੀ ਠੱਗੀ
Publish Date: Sat, 07 Feb 2026 09:32 PM (IST)
Updated Date: Sat, 07 Feb 2026 09:35 PM (IST)

-ਗੱਲਾਂ ’ਚ ਉਲਝਾ ਕੇ ਏਟੀਐਮ ਕਾਰਡ ਬਦਲਿਆ, ਅਣਪਛਾਤੇ ਖਿਲਾਫ ਮਾਮਲਾ ਦਰਜ ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਵਿਚ ਇਕ ਬਜ਼ੁਰਗ ਵਿਅਕਤੀ ਨਾਲ ਏਟੀਐੱਮ ਕਾਰਡ ਬਦਲ ਕੇ 87 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ਉੱਤੇ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਠੱਗ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਪੁਸ਼ਟੀ ਜਾਂਚ ਅਧਿਕਾਰੀ ਏਐੱਸਆਈ ਮੰਗਲ ਸਿੰਘ ਨੇ ਕੀਤੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਦੀ ਪਹਿਚਾਣ ਸੋਮਨਾਥ ਵਾਸੀ ਮੁਹੰਮਦ ਨਗਰ ਦੇ ਰੂਪ ਵਿਚ ਹੋਈ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ 4 ਫਰਵਰੀ ਨੂੰ ਉਹ ਸੁਲਤਾਨਪੁਰ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਲਈ ਗਿਆ ਸੀ। ਉਸੇ ਦੌਰਾਨ ਉੱਥੇ ਪਹਿਲਾਂ ਤੋਂ ਮੌਜੂਦ ਇਕ ਅਣਪਛਾਤਾ ਵਿਅਕਤੀ ਏਟੀਐਮ ਦੇ ਅੰਦਰ ਆ ਗਿਆ ਤੇ ਗੱਲਬਾਤ ਵਿਚ ਉਲਝਾ ਕੇ ਉਸਦਾ ਏਟੀਐੱਮ ਕਾਰਡ ਬਦਲ ਲਿਆ। ਇਸਦੇ ਬਾਅਦ ਮੁਲਜ਼ਮ ਨੇ ਪੀੜਤ ਦੇ ਖਾਤੇ ਤੋਂ ਪੰਜਾਬ ਨੈਸ਼ਨਲ ਬੈਂਕ ਦੀ ਮੇਨ ਬ੍ਰਾਂਚ ਦੇ ਏਟੀਐੱਮ ਤੋਂ 57 ਹਜ਼ਾਰ ਰੁਪਏ ਤੇ ਮਿਲਨ ਪੈਲੇਸ ਦੇ ਨਜ਼ਦੀਕ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਵਿਚੋਂ 30 ਹਜ਼ਾਰ ਰੁਪਏ ਕੱਢ ਲਏ। ਪੀੜਤ ਨੂੰ ਇਸ ਠੱਗੀ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਉਸਦੇ ਮੋਬਾਇਲ ਫੋਨ ਉੱਤੇ ਪੈਸੇ ਨਿਕਲਣ ਦੇ ਮੈਸੇਜ ਆਏ। ਥਾਣਾ ਸਿਟੀ ਪੁਲਿਸ ਨੇ ਪੀੜਤ ਬਜ਼ੁਰਗ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮ ਦੇ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।