ਪੀਟੀਯੂ ’ਚ ਰਜਿਸਟ੍ਰੇਸ਼ਨ ਕਮ ਐਡਮਿਸ਼ਨ ਪੋਰਟਲ ਦਾ ਉਦਘਾਟਨ
ਆਈ.ਕੇ.ਜੀ ਪੀ.ਟੀ.ਯੂ ਦੇ ਉਪ-ਕੁਲਪਤੀ ਵੱਲੋਂ ਦਾਖਿਲਾ ਸਾਲ 2026-27 ਵਾਸਤੇ ਰਜਿਸਟ੍ਰੇਸ਼ਨ ਕਮ ਐਡਮਿਸ਼ਨ ਪੋਰਟਲ ਦਾ ਉਦਘਾਟਨ
Publish Date: Thu, 12 Mar 2026 07:53 PM (IST)
Updated Date: Thu, 12 Mar 2026 07:57 PM (IST)

--ਉਪ-ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਨੇ ਲਾਂਚ ਕੀਤਾ ਪੋਰਟਲ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਵੱਲੋਂ ਦਾਖਲਾ ਸਾਲ 2026-27 ਲਈ ਆਪਣੇ ਵੱਖ-ਵੱਖ ਕੈਂਪਸਾਂ ਲਈ ਦਾਖਲਾ ਰਜਿਸਟ੍ਰੇਸ਼ਨ ਕਮ ਦਾਖਲਾ ਪੋਰਟਲ ਸ਼ੁਰੂ ਕੀਤਾ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਨੇ ਇਸਨੂੰ ‘ਮੈਕਸੀਮਮ ਡਿਜੀਟਲ ਸਮਾਧਾਨ ਤੇ ਸਹੂਲਤ’ ਤੇ ਘੱਟ ਫੀਸ ਤੇ ਵੱਧ ਸੁਵਿਧਾਵਾਂ ਦੇ ਨਾਅਰੇ ਹੇਠ ਲਾਂਚ ਕੀਤਾ ਹੈ। ਯੂਨੀਵਰਸਿਟੀ ਹਰ ਸਾਲ ਡਿਜੀਟਲ ਮਾਧਿਅਮ ਰਾਹੀਂ ਹੀ ਆਪਣੇ ਦਾਖਲੇ ਕਰਦੀ ਹੈ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਫੀਡਬੈਕ ਰਾਹੀਂ ਹਰ ਵਾਰ ਆਪਣੇ ਡਿਜੀਟਲ ਦਾਖਲਾ ਪੋਰਟਲ ਨੂੰ ਅਪਡੇਟ ਕਰਦੀ ਹੈ। ਇਸ ਵਾਰ ਦਾਖਲਾ ਪੋਰਟਲ ਨੂੰ ਹੋਰ ਵੀ ਵਿਦਿਆਰਥੀ-ਅਨੁਕੂਲ ਬਣਾਇਆ ਗਿਆ ਹੈ। ਯੂਨੀਵਰਸਿਟੀ ਨੇ ਇਸ ਪੋਰਟਲ ਰਾਹੀਂ ਮੇਨ ਕੈਂਪਸ ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ ਕੈਂਪਸ, ਹੁਸ਼ਿਆਰਪੁਰ ਕੈਂਪਸ, ਮੋਹਾਲੀ ਕੈਂਪਸ (ਇਕ ਤੇ ਦੋ) ਤੇ ਬਟਾਲਾ ਕੈਂਪਸ ਵਿਚ ਦਾਖਲੇ ਖੋਲ੍ਹ ਦਿੱਤੇ ਹਨ। ਉਪ-ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਚੰਗੇ ਕੰਮ ਦਾ ਨਤੀਜਾ ਹੈ ਕਿ ਸਰਕਾਰੀ ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਦਾ ਵਿਸ਼ਵਾਸ ਵਧਿਆ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਦਾਖਲੇ ਵਿਦਿਆਰਥੀਆਂ ਨੂੰ ਇਕ ਪਹੁੰਚਯੋਗ ਢੰਗ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਕੈਂਪਸਾਂ ਵਿਚ ਪੰਜਾਬ ਸਮੇਤ ਹੋਰ ਰਾਜਾਂ ਤੋਂ ਵਿਦਿਆਰਥੀਆਂ ਦਾ ਦਾਖਲੇ ਲਈ ਆਉਣਾ ਜਾਰੀ ਹੈ। ਇਸ ਮੌਕੇ ਡਾ. ਸੁਸ਼ੀਲ ਮਿੱਤਲ ਦੇ ਨਾਲ ਰਜਿਸਟਰਾਰ ਡਾ. ਨਵਦੀਪਕ ਸੰਧੂ, ਡੀਨ ਅਕਾਦਮਿਕ ਤੇ ਮੁੱਖ ਕੋਆਰਡੀਨੇਟਰ ਦਾਖਲੇ ਪ੍ਰੋ. (ਡਾ.) ਯਾਦਵਿੰਦਰ ਸਿੰਘ ਬਰਾੜ, ਡੀਨ ਪ੍ਰੋ. ਡਾ. ਪਰਵੀਨ ਬਾਂਸਲ, ਡੀਨ ਡਾ. ਗੌਰਵ ਭਾਰਗਵ, ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ, ਕੰਟਰੋਲਰ ਪ੍ਰੀਖਿਆਵਾਂ ਡਾ. ਪਰਮਜੀਤ ਸਿੰਘ, ਡਿਪਟੀ ਡੀਨ ਅਕਾਦਮਿਕ ਪ੍ਰੋ. ਡਾ. ਰਾਜੀਵ ਬੇਦੀ, ਡਿਪਟੀ ਰਜਿਸਟਰਾਰ ਅਕਾਦਮਿਕ ਤੇ ਦਾਖਲੇ ਡਾ. ਪਵਨ ਗਰਗ ਤੇ ਵੱਖੋ-ਵੱਖ ਅਕਾਦਮਿਕ ਵਿਭਾਗਾਂ ਦੇ ਹੈੱਡ ਮੌਜੂਦ ਸਨ।