ਗੁਜਰਾਲ ਪੀਟੀਯੂ ਨੇ 30ਵਾਂ ਸਥਾਪਨਾ ਦਿਵਸ ਮਨਾਇਆ
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਰਿਵਾਰ ਵੱਲੋਂ 30ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ
Publish Date: Fri, 16 Jan 2026 08:15 PM (IST)
Updated Date: Fri, 16 Jan 2026 08:18 PM (IST)

--ਯੂਨੀਵਰਸਿਟੀ ਦਾ ਟੀਚਾ ਵੱਧ ਤੋਂ ਵੱਧ ਕੋਰਸਾਂ ਨੂੰ ਏਆਈ ਆਧਾਰਿਤ ਕਰਨਾ -- ਵਿਦਿਆਰਥੀਆਂ ਨੂੰ ਇੰਡਸਟਰੀ ਰੈਡੀ ਤੇ ਟੈਕਨੋਲਾਜੀ ’ਚ ਨਿਪੁੰਨ ਕਰਾਂਗੇ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਜਲੰਧਰ-ਕਪੂਰਥਲਾ ਵੱਲੋਂ ਆਪਣਾ 30ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਾਲ 1997 ਵਿਚ ਪੰਜਾਬ ਰਾਜ ਦੀ ਪਹਿਲੀ ਤਕਨੀਕੀ ਯੂਨੀਵਰਸਿਟੀ ਵਜੋਂ ਸਥਾਪਿਤ ਹੋਈ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਅੱਜ ਆਪਣੇ ਸਫ਼ਰ ਦੇ 29 ਵਰ੍ਹੇ ਪੂਰੇ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਹੁਣ ਤੱਕ ਦੇ ਸਫ਼ਰ ਨੂੰ ਸਥਾਪਨਾ ਦਿਵਸ ਮੌਕੇ ਯਾਦ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਕੋਰਸਾਂ ਨਾਲ ਜੋੜਨ ਤੇ ਵਿਦਿਆਰਥੀਆਂ ਨੂੰ ਨਿਪੁੰਨ ਬਣਾਉਣ ਲਈ ਅਗਲਾ ਟੀਚਾ ਮਿਥਿਆ ਗਿਆ। ਯੂਨੀਵਰਸਿਟੀ ਸਥਾਪਨਾ ਦਿਵਸ ਜਸ਼ਨ ਦੀ ਰਸਮ ਪਰਮਾਤਮਾ ਦੇ ਸ਼ੁਕਰਾਨੇ ਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਨਾਲ ਹੋਈ। ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਸਥਾਪਨਾ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਰਜਿਸਟਰਾਰ ਡਾ. ਨਵਦੀਪਕ ਸੰਧੂ ਅਤੇ ਵੱਖੋ-ਵੱਖ ਵਿਭਾਗਾਂ ਦੇ ਡੀਨ ਸਾਹਿਬਾਨ ਤੇ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਗਿਆਨ ਜਯੋਤੀ ਦੇ ਪ੍ਰਕਾਸ਼ ਨਾਲ ਯੂਨੀਵਰਸਿਟੀ ਦੇ ਕਲਚਰਲ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਰਜਿਸਟਰਾਰ ਡਾ. ਸੰਧੂ ਵੱਲੋਂ ਸਵਾਗਤੀ ਭਾਸ਼ਣ ਰੱਖਣ ਉਪਰੰਤ ਉਪ-ਕੁਲਪਤੀ ਪ੍ਰੋ (ਡਾ.) ਸੁਸ਼ੀਲ ਮਿੱਤਲ ਵੱਲੋਂ ਸਥਾਪਨਾ ਦਿਵਸ ਸਪੀਚ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਟੀਚਾ ਵੱਧ ਤੋਂ ਵੱਧ ਕੋਰਸਾਂ ਨੂੰ ਏਆਈ ਆਧਾਰਿਤ ਕਰਨਾ ਹੈ ਤੇ ਵਿਦਿਆਰਥੀਆਂ ਨੂੰ ਇੰਡਸਟਰੀ ਰੈਡੀ ਤੇ ਟੈਕਨੋਲਾਜੀ ਵਿਚ ਨਿਪੁੰਨ ਕਰਨਾ ਹੈ। ਉਨ੍ਹਾਂ ਯੂਨੀਵਰਸਿਟੀ ਦੀ ਦੂਰਵਰਤੀ ਸਿੱਖਿਆ ਰਾਹੀਂ ਹੋਏ ਪ੍ਰਚਾਰ ਤੇ ਪ੍ਰਸਾਰ ਨੂੰ ਯਾਦ ਕਰਦਿਆਂ ਇਸਦਾ ਬਦਲ ਜਲਦ ਲਿਆਉਣ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਯੂਨੀਵਰਸਿਟੀ ਦੇ ਸਮੂਹ ਸਟਾਫ ਦੇ ਇਮਾਨਦਾਰ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੀ ਡਿਪਟੀ ਲਾਇਬ੍ਰੇਰੀਅਨ ਡਾ. ਮਧੂ ਮਿੱਢਾ ਵੱਲੋਂ ਲਿਖੀ ਕਿਤਾਬ “ਇੰਡੀਅਨ ਨੌਲਿਜ ਸਿਸਟਮ ਥਰੂ ਲਾਇਬ੍ਰੇਰੀਜ਼-ਮਨੂਸਕ੍ਰਿਪਟ ਟੂ ਏਆਈ’’ ਨੂੰ ਵੀ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਯੂਥ ਫੈਸਟੀਵਲ ਵਿਚ ਨਾਮਨਾ ਖੱਟਣ ਵਾਲੀ ਯੂਨੀਵਰਸਿਟੀ ਦੀ ਭੰਗੜਾ ਟੀਮ (ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਲੁਧਿਆਣਾ) ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਭੰਗੜੇ ਦੀ ਪੇਸ਼ਕਾਰੀ ਰਿਹਾ। ਪ੍ਰੋਗਰਾਮ ਵਿਚ ਧੰਨਵਾਦ ਦਾ ਪ੍ਰਸਤਾਵ ਡੀਨ ਅਕਾਦਮਿਕ ਪ੍ਰੋ. (ਡਾ.) ਯਾਦਵਿੰਦਰ ਸਿੰਘ ਬਰਾੜ ਵੱਲੋਂ ਰੱਖਿਆ ਗਿਆ। ਮੰਚ ਸੰਚਾਲਨ ਡਿਪਟੀ ਰਜਿਸਟਰਾਰ (ਲੋਕ ਸੰਪਰਕ) ਰਜਨੀਸ਼ ਸ਼ਰਮਾ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਰੋਹ ਵਿਚ ਡੀਨ ਡਾ. ਬਲਕਾਰ ਸਿੰਘ, ਡਾ. ਆਰਪੀਐੱਸ ਬੇਦੀ, ਡਾ. ਪ੍ਰਵੀਨ ਬਾਂਸਲ, ਡਾ. ਸਤਵੀਰ ਸਿੰਘ, ਡਾ. ਗੌਰਵ ਭਾਰਗਵ, ਕੰਟਰੋਲਰ ਪ੍ਰੀਖਿਆਵਾਂ ਡਾ. ਪਰਮਜੀਤ ਸਿੰਘ, ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ ਹੋਰ ਅਧਿਕਾਰੀ, ਫੈਕਲਟੀ ਮੈਂਬਰ ਤੇ ਸਮੂਹ ਸਟਾਫ਼ ਸ਼ਾਮਲ ਰਿਹਾ।