ਉਤਪਾਦ ਮਿਆਰੀ ਨਹੀਂ ਤਾਂ ਸ਼ਿਕਾਇਤ ਜ਼ਰੂਰ ਕਰੋ : ਰਾਜ
ਉਤਪਾਦ ਮਿਆਰੀ ਨਹੀਂ ਤਾਂ ਸ਼ਿਕਾਇਤ ਦੀ ਆਦਤ ਪਾਉਣੀ ਜ਼ਰੂਰੀ - ਡਾਇਰੈਕਟਰ ਤਿਲਕ ਰਾਜ
Publish Date: Thu, 12 Mar 2026 09:45 PM (IST)
Updated Date: Thu, 12 Mar 2026 09:48 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਭਾਰਤੀ ਮਾਨਕ ਬਿਊਰੋ (ਬੀਆਈਐੱਸ), ਜੰਮੂ ਤੇ ਕਸ਼ਮੀਰ ਸ਼ਾਖਾ ਦਫ਼ਤਰ ਜੰਮੂ ਵੱਲੋਂ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਦੇ ਸਬੰਧ ਵਿਚ ਪਿਰਾਮਿਡ ਕਾਲਜ ਵਿਚ ਇਕ ਉਪਭੋਗਤਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਦੇ ਸਹਿਯੋਗ ਨਾਲ ਆਯੋਜਿਤ ਇਸ ਵਰਕਸ਼ਾਪ ਵਿਚ ਕਈ ਸਮਾਜਿਕ ਤੇ ਉਦਯੋਗਿਕ ਸੰਸਥਾਵਾਂ ਦੇ ਅਧਿਕਾਰੀਆਂ ਤੇ ਮੈਂਬਰਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਭਾਰਤ ਵਿਕਾਸ ਪ੍ਰੀਸ਼ਦ, ਰੋਟਰੀ ਕਲੱਬ, ਲਘੂ ਉਦਯੋਗ ਭਾਰਤੀ, ਸਰਬ ਨੌਜਵਾਨ ਸਭਾ, ਮੇਰਾ ਯੁਵਾ ਭਾਰਤ ਤੇ ਸਾਇੰਸ ਟੀਚਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਸ਼ਾਮਲ ਸਨ। ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਤਿਲਕ ਰਾਜ, ਨਿਰਦੇਸ਼ਕ ਤੇ ਮੁਖੀ, ਜੰਮੂ ਤੇ ਕਸ਼ਮੀਰ ਸ਼ਾਖਾ ਦਫ਼ਤਰ ਨੇ ਉਪਭੋਗਤਾ ਜਾਗਰੂਕਤਾ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਉਤਪਾਦ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਹੈ ਤਾਂ ਉਪਭੋਗਤਾਵਾਂ ਨੂੰ ਉਸ ਦੀ ਸ਼ਿਕਾਇਤ ਜ਼ਰੂਰ ਦਰਜ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਉਪਭੋਗਤਾਵਾਂ ਦੇ ਹਿੱਤਾਂ ਦੀ ਰੱਖਿਆ ਤੇ ਬਜ਼ਾਰ ਵਿਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਪ੍ਰੋਤਸਾਹਿਤ ਕਰਨ ਵਿਚ ਬਿਊਰੋ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ 2026 ਦਾ ਵਿਸ਼ਾ ਸੁਰੱਖਿਅਤ ਉਤਪਾਦ, ਆਤਮਵਿਸ਼ਵਾਸੀ ਉਪਭੋਗਤਾ ਹੈ। ਆਸ਼ੀਸ਼ ਕੁਮਾਰ ਦਿਵੇਦੀ, ਸਟੈਂਡਰਡ ਪ੍ਰੋਮੋਸ਼ਨ ਅਫਸਰ, ਨੇ ਬਿਊਰੋ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਤੇ ਪੰਜਾਬ ਦੇ ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਵਿਚ ਚੱਲ ਰਹੀਆਂ ਮਾਨਕ ਪ੍ਰਚਾਰ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਵਰਕਸ਼ਾਪ ਦੇ ਸਰੋਤ ਵਿਅਕਤੀਆਂ ਸੰਜੀਵਨ ਸਿੰਘ ਡੱਢਵਾਲ ਤੇ ਹਰਜਿੰਦਰ ਗੋਗਨਾ ਨੇ ਉਪਭੋਗਤਾਵਾਂ ਦੇ ਅਧਿਕਾਰਾਂ ਤੇ ਸਮਾਨ ਦੀ ਖਰੀਦਦਾਰੀ ਸਮੇਂ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਤੇ ਗੁਣਵੱਤਾ ਪ੍ਰਮਾਣਿਤ ਉਤਪਾਦਾਂ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਇਕ ਇੰਟਰੈਕਟਿਵ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿਚ ਹਾਜ਼ਰ ਨਿਰਮਾਤਾਵਾਂ ਤੇ ਭਾਗੀਦਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਤਿਲਕ ਰਾਜ ਨੇ ਵਿਸਥਾਰ ਨਾਲ ਜਵਾਬ ਦਿੱਤੇ ਤੇ ਮਾਪਦੰਡਾਂ, ਸਰਟੀਫਿਕੇਸ਼ਨ ਤੇ ਉਪਭੋਗਤਾ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਮਾਰਗਦਰਸ਼ਨ ਦਿੱਤਾ। ਪਿਰਾਮਿਡ ਕਾਲਜ ਦੇ ਡਾਇਰੈਕਟਰ ਡਾ. ਵਿਵੇਕ ਮਿੱਤਲ ਨੇ ਸੰਸਥਾ ਵੱਲੋਂ ਇਸ ਤਰ੍ਹਾਂ ਦੀ ਗਿਆਨਵਰਧਕ ਵਰਕਸ਼ਾਪ ਕਰਵਾਉਣ ਤੇ ਵਿਦਿਆਰਥੀਆਂ ਤੇ ਆਮ ਲੋਕਾਂ ਵਿਚ ਉਪਭੋਗਤਾ ਅਧਿਕਾਰਾਂ ਤੇ ਗੁਣਵੱਤਾ ਮਾਪਦੰਡਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਿੱਖਿਆ ਰਤਨ ਗੁਰਮੀਤ ਸਿੰਘ, ਪ੍ਰਧਾਨ ਪੰਡਿਤ ਰਾਹੁਲ ਸ਼ਾਸ਼ਤਰੀ, ਵਿਤਿਨ ਪੁਰੀ, ਵਿਕਰਮ ਗੁਪਤਾ, ਅਜੇ ਅਗਰਵਾਲ, ਰਵਿੰਦਰ ਗੁਲਾਟੀ, ਰਮੇਸ਼ ਅਗਰਵਾਲ, ਅਸ਼ੋਕ ਸੇਠੀ, ਅਸ਼ੋਕ ਗੁਪਤਾ, ਪਰਿਹਾਂਤ ਉੱਪਲ, ਚੰਦਰ ਮੋਹਨ ਸ਼ਰਮਾ, ਜਤਿੰਦਰ ਅਗਰਵਾਲ, ਅਤਿੰਦਰ ਪਾਲ ਸਿੰਘ, ਵਿਵੇਕ ਮਹਾਜਨ, ਪ੍ਰਦੀਪ ਸ਼ਰਮਾ ਹਾਜ਼ਰ ਸਨ।