20 ਦਿਨਾਂ ’ਚ ਮੁਸ਼ਕਿਲ ਦਾ ਹੱਲ ਨਾ ਕੀਤਾ ਤਾਂ ਕਰਾਂਗੇ ਸੰਘਰਸ਼ : ਨਾਹਰ
20 ਦਿਨਾਂ ਦੇ ਅੰਦਰ-ਅੰਦਰ ਸੁੰਦਰ ਨਗਰ ਨਿਵਾਸੀਆਂ ਦੀ ਮੁਸ਼ਕਿਲ ਦਾ ਹੱਲ ਨਾ ਕੀਤਾ ਤਾਂ ਕਰਾਂਗੇ ਤਿੱਖਾ ਸੰਘਰਸ਼ : ਨਾਹਰ
Publish Date: Sat, 07 Feb 2026 08:22 PM (IST)
Updated Date: Sat, 07 Feb 2026 08:23 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਵਾਲਮੀਕਿ ਟਾਇਗਰ ਫੋਰਸ ਵੱਲੋਂ ਮੁਹੱਲਾ ਸੁੰਦਰ ਨਗਰ ਵਿਖੇ ਬੱਕਰਖਾਨਾ ਚੌਂਕ ਰਾਹੀਂ ਰੋਜ਼ਾਨਾ ਆਉਣ-ਜਾਣ ਵਾਲੇ ਭਾਰੀ ਮਾਲ ਵਾਹਨਾਂ, ਲੋਡ ਟਿੱਪਰ ਤੇ ਟਰੱਕਾਂ ਕਾਰਨ ਆਏ ਦਿਨ ਹੋ ਰਹੇ ਭਿਆਨਕ ਹਾਦਸਿਆਂ ਨੂੰ ਰੋਕਣ ਲਈ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਨਾਹਰ ਨੇ ਦੱਸਿਆ ਕਿ ਇਸ ਇਲਾਕੇ ਵਿਚ ਗਰੀਬ ਤਬਕੇ ਦੇ ਲੋਕ ਰਹਿੰਦੇ ਹਨ, ਜੋ ਕਿ ਬੜੀ ਮੁਸ਼ਕਿਲ ਨਾਲ ਮਿਹਨਤ-ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੁੰਦਰ ਨਗਰ ਮੁਹੱਲਾ ਵਾਸੀ ਇਸ ਰਿਹਾਇਸ਼ੀ ਇਲਾਕੇ ਵਿਚੋਂ ਆਉਣ-ਜਾਣ ਵਾਲੇ ਭਾਰੀ ਮਾਲ ਵਾਹਨਾਂ, ਲੋਡ ਟਿੱਪਰ ਤੇ ਟਰੱਕਾਂ ਦੇ ਰੋਕ ਲਗਾਉਣ ਦੀ ਪ੍ਰਸ਼ਾਸ਼ਨ ਸਾਹਮਣੇ ਗੁਹਾਰ ਲਗਾਉਂਦੇ ਆ ਰਹੇ ਹਨ, ਜਿਨ੍ਹਾਂ ਦੀ ਮੰਗ ਨੂੰ ਹਰ ਕਿਸੇ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਤੇ ਇਸਦਾ ਖਾਮਿਆਜ਼ਾ ਇਥੋਂ ਦੇ ਲੋਕਾਂ ਨੂੰ ਆਪਣੀ ਜਾਨ ਗਵਾ ਕੇ ਚੁਕਾਨਾ ਪਿਆ। ਇਸ ਮਾਰਗ ਤੋਂ ਆਉਣ-ਜਾਣ ਵਾਲੇ ਇਨ੍ਹਾਂ ਵਾਹਨਾਂ ਕਾਰਨ ਕਈ ਵੱਡੇ ਹਾਦਸੇ ਹੋ ਚੱਕੇ ਹਨ ਪਰ ਇਸਤੋਂ ਬਾਅਦ ਵੀ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਾਰੀ ਵਾਹਨਾਂ ਕਰਕੇ ਖੇਤਰ ਦੀ ਸੜਕ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ, ਜਿਸ ਕਰਕੇ ਦੋ ਪਹਿਆ ਵਾਹਨਾਂ ਦਾ ਵੀ ਗੁਜ਼ਰਨਾ ਮੁਸ਼ਕਿਲ ਹੋ ਗਿਆ ਹੈ। ਪ੍ਰਧਾਨ ਰਾਕੇਸ਼ ਕੁਮਾਰ ਨਾਹਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਥਾਨਕ ਪ੍ਰਸ਼ਾਸ਼ਨ ਵੱਲੋਂ ਇਸ ਸੱਮਸਿਆ ਦਾ 20 ਦਿਨਾਂ ਦੇ ਅੰਦਰ-ਅੰਦਰ ਹੱਲ ਨਹੀਂ ਕੱਢਿਆ ਗਿਆਂ ਤਾਂ ਅਸੀ ਸਮੂਹ ਮੁਹੱਲਾ ਵਾਸੀਆਂ ਨਾਲ ਇਕੱਠੇ ਹੋ ਕੇ ਆਪਣੇ ਖਰਚ ’ਤੇ ਇਸ ਰਸਤੇ ’ਤੇ ਗਾਰਡਰ ਲਗਾ ਕੇ ਭਾਰੀ ਵਾਹਨਾਂ ਦੇ ਆਉਣ-ਜਾਣ ’ਤੇ ਰੋਕ ਲਗਾ ਦੇਵਾਂਗੇ। ਇਸ ਦੌਰਾਨ ਸਮੂਹ ਮੁਹੱਲਾ ਵਾਸੀਆਂ ਵੱਲੋ ਨਾਅਰੇਬਾਜ਼ੀ ਕਰਕੇ ਰੋਸ ਵੀ ਜਤਾਇਆ ਗਿਆ। ਇਸ ਮੌਕੇ ਜਥੇ. ਬਾਬਾ ਅਮਰੀਕ ਸਿੰਘ, ਪ੍ਰੇਮ ਸਿੰਘ ਖਾਲਸਾ, ਅਰੂਣ ਕੁਮਾਰ, ਰਿੰਕੂ ਸਹੋਤਾ, ਕੈਪਟਨ ਮੁਖਤਿਆਰ ਸਿੰਘ, ਅਰੁਣ ਕੁਮਾਰ, ਸੋਨੂੰ, ਭੁਪਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਮੁਹੱਲਾ ਵਾਸੀ ਹਾਜ਼ਰ ਸਨ।