ਮੰਗਾਂ ਨਾ ਮੰਨੀਆਂ ਤਾਂ 2027 ’ਚ ਆਪ ਦਾ ਹੋਵੇਗਾ ਵਿਰੋਧ : ਕੌਂਡਲ
ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾਂ ਕੀਤੀਆਂ ਤਾਂ 2027 ਦੀਆਂ ਵੋਟਾਂ "ਚ ਆਪ ਦਾ ਕੀਤਾ ਜਾਵੇਗਾ ਵਿਰੋਧ : ਕੌਂਡਲ
Publish Date: Mon, 09 Feb 2026 10:14 PM (IST)
Updated Date: Mon, 09 Feb 2026 10:17 PM (IST)

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਕੇਂਦਰ ਸਰਕਾਰ ਦੇ ਬਰਾਬਰ ਕਰਨ ਦੀ ਮੰਗ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਅੱਜ ਸੂਬਾ ਆਗੂ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਯੂਨੀਅਨ ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਕੇਂਦਰ ਸਰਕਾਰ ਦੇ ਬਰਾਬਰ ਕੀਤਾ ਜਾਵੇ ਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਸੂਬਾ ਆਗੂ ਸੰਜੀਵ ਕੌਂਡਲ ਨੇ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਕਰੇ ਤੇ ਜੇਕਰ ਪੰਜਾਬ ਸਰਕਾਰ ਚਿਰਾਂ ਤੋਂ ਲਟਕਦੀਆਂ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ 2027 ਦੀਆਂ ਚੋਣਾਂ ਦੌਰਾਨ ਮੁਲਾਜ਼ਮਾਂ ਵੱਲੋਂ ਆਮ ਆਦਮੀ ਪਾਰਟੀ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮਿਆਂ ਨਾਲ ਹੁਣ ਤੱਕ ਸਾਰੀਆਂ ਸਰਕਾਰਾਂ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ, ਇਸੇ ਲਈ ਮਹਿਕਮੇ ਵਿਚ ਕੰਮ ਕਰਦੇ ਡਿਪਲੋਮਾ ਪਾਸ ਮੁਲਾਜ਼ਮਾਂ ਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਜਦਕਿ ਇਨ੍ਹਾਂ ਮੁਲਾਜ਼ਮਾਂ ਨੇ ਮਹਿਕਮੇ ਕੋਲੋਂ ਮਨਜ਼ੂਰੀ ਲੈ ਕੇ ਡਿਪਲੋਮਾ ਪਾਸ ਕੀਤਾ। ਕੌਂਡਲ ਨੇ ਫੀਲਡ ਮੁਲਜ਼ਮਾਂ ਨੂੰ ਹਫਤਾਵਾਰੀ ਛੁੱਟੀ ਦੇਣ ਤੇ ਦਰਜਾ ਤਿੰਨ ਤੇ ਚਾਰ ਕਰਮਚਾਰੀਆਂ ਨੂੰ ਤਰੱਕੀ ਦਿੱਤੇ ਜਾਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਨਰਿੰਦਰ ਸਿੰਘ, ਰਾਜਨ ਕੁਮਾਰ, ਭੋਪਾਲ ਸਿੰਘ, ਭੁਪਿੰਦਰ ਸਿੰਘ, ਰਾਮ ਲਾਲ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਮਨੂ ਸਿੰਘ ਤੇ ਯੁਗਰਾਜ ਸਿੰਘ ਆਦਿ ਮੈਂਬਰ ਹਾਜ਼ਰ ਹੋਏ।