ਲੋਹੜੀ ਤੋਂ ਪਹਿਲਾਂ ਤਨਖਾਹਾਂ ਨਾ ਦਿੱਤੀਆਂ ਤਾਂ ਖਜ਼ਾਨਾ ਦਫਤਰਾਂ ਦਾ ਘਿਰਾਓ ਕਰਾਂਗੇ : ਜੀਟੀਯੂ
ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਅਧਿਆਪਕਾਂ ਨੂੰ ਤਨਖਾਹਾਂ ਨਾ ਦਿੱਤੀਆਂ ਤਾਂ ਖਜ਼ਾਨਾ ਦਫਤਰਾਂ ਦਾ ਘਿਰਾਓ ਕਰਾਂਗੇ : ਜੀ ਟੀ ਯੂ
Publish Date: Sun, 11 Jan 2026 09:28 PM (IST)
Updated Date: Sun, 11 Jan 2026 09:30 PM (IST)
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਮਗਜੇ ਮਾਰਨ ਵਾਲ਼ੀ ਆਪ ਸਰਕਾਰ ਕੋਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਅਧਿਆਪਕਾਂ ਦੇ ਖਾਤਿਆਂ ਵਿਚ ਦਸੰਬਰ ਮਹੀਨੇ ਦੀ ਤਨਖਾਹ ਨਹੀਂ ਪਾਈ ਗਈ, ਜਿਸ ਕਰਕੇ ਉਨ੍ਹਾਂ ਵਿਚ ਭਾਰੀ ਰੋਸ ਹੈ। ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਆ ਰਿਹਾ ਹੈ ਪਰ ਅਧਿਆਪਕ ਤਨਖਾਹਾਂ ਤੋਂ ਵਾਂਝੇ ਬੈਠੇ ਹਨ। ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰ ਯੂਨੀਅਨ ਦੀ ਆਨਲਾਈਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਅਤੇ ਸੂਬਾਈ ਮੀਤ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਜੇਕਰ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਖਜ਼ਾਨਾ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਦੇ ਡੀਏ ਤੇ ਹੋਰ ਭੱਤੇ ਨੱਪ ਕੇ ਬੈਠੀ ਹੈ ਤੇ ਹੁਣ ਤਨਖਾਹਾਂ ਵਿਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇ ਪੰਜਾਬ ਵਿਚ ਵਿੱਤੀ ਸੰਕਟ ਹੈ ਤਾਂ ਸਰਕਾਰ ਆਪਣੇ ਖਰਚੇ ਕਿਉਂ ਨਹੀਂ ਘਟਾਉਂਦੀ। ਉਨ੍ਹਾਂ ਕਿਹਾ ਕਿ ਸਗੋਂ ਇਸ ਦਾ ਬੋਝ ਮੁਲਾਜ਼ਮਾਂ ਉੱਪਰ ਹੀ ਪਾਇਆ ਜਾਂਦਾ ਹੈ। ਮੁਲਾਜ਼ਮ ਤਾਂ ਪਹਿਲਾਂ ਹੀ ਤਨਖਾਹਾਂ ’ਤੇ ਨਿਰਭਰ ਹਨ। ਆਗੂਆਂ ਨੇ ਕਿਹਾ ਕਿ ਆਪ ਸਰਕਾਰ ਨੂੰ ਸੱਤਾ ਵਿਚ ਲਿਆਉਣ ਲਈ ਮੁਲਾਜ਼ਮਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ, ਜਦਕਿ ਹੁਣ ਸਰਕਾਰ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਮੁਲਾਜ਼ਮ ਆਪਣਾ ਜਲਵਾ ਦਿਖਾਉਣ ਲਈ ਤਿਆਰ ਬੈਠੇ ਹਨ।