ਆਈਡੀਬੀਆਈ ਬੈਂਕ ਨੇ ਕਰਵਾਈ ਕਾਰਪੋਰੇਟ ਗਤੀਵਿਧੀ
ਆਈ.ਡੀ.ਬੀ.ਆਈ. ਬੈਂਕ ਨੇ ਸੀ.ਐਸ.ਆਰ. ਤਹਿਤ ਕਰਵਾਈ ਕਾਰਪੋਰੇਟ ਗਤੀਵਿਧੀ
Publish Date: Sun, 01 Feb 2026 07:33 PM (IST)
Updated Date: Sun, 01 Feb 2026 07:34 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਈਡੀਬੀਆਈ ਬੈਂਕ ਦੀ ਫਗਵਾੜਾ ਸ਼ਾਖਾ ਵੱਲੋਂ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਆਯੁਸ਼ਮਾਨ ਆਰੋਗਿਆ ਕੇਂਦਰ ਪਿੰਡ ਨੰਗਲਮੱਝਾ ਵਿਖੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਅਧੀਨ ਇਕ ਸ਼ਲਾਘਾਯੋਗ ਗਤੀਵਿਧੀ ਕਰਵਾਈ ਗਈ। ਇਸ ਉਪਰਾਲੇ ਤਹਿਤ ਬੈਂਕ ਵੱਲੋਂ ਸਿਹਤ ਕੇਂਦਰ ‘ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਸੁਵਿਧਾ ਨੂੰ ਧਿਆਨ ‘ਚ ਰੱਖਦਿਆਂ ਬੈਠਣ ਲਈ ਕੁਰਸੀਆਂ, ਜਾਂਚ ਟੇਬਲ ਸਮੇਤ ਹੋਰ ਲੋੜੀਂਦਾ ਸਾਜ਼ੋ-ਸਮਾਨ ਭੇਟ ਕੀਤਾ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਆਈਡੀਬੀਆਈ ਬੈਂਕ ਸਿਰਫ਼ ਵਿੱਤੀ ਸੇਵਾਵਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਦੀ ਭਲਾਈ ਲਈ ਵੀ ਸਦਾ ਅੱਗੇ ਆ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਬੈਂਕ ਦੇ ਸ਼ਾਖਾ ਪ੍ਰਬੰਧਕ ਦੀਪਕ ਬੱਤਰਾ ਨੇ ਬੈਂਕ ਵੱਲੋਂ ਆਮ ਲੋਕਾਂ, ਕਿਸਾਨਾਂ, ਵਪਾਰੀਆਂ, ਮਹਿਲਾਵਾਂ ਤੇ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਵਿੱਤੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਈਡੀਬੀਆਈ ਬੈਂਕ ਘੱਟ ਵਿਆਜ ਦਰਾਂ ’ਤੇ ਕਰਜ਼ੇ, ਸਵੈ-ਰੋਜ਼ਗਾਰ ਲਈ ਲੋਨ, ਸੇਵਿੰਗ ਤੇ ਫਿਕਸਡ ਡਿਪਾਜ਼ਿਟ ਯੋਜਨਾਵਾਂ, ਸੀਨੀਅਰ ਸਿਟੀਜ਼ਨ ਲਈ ਖ਼ਾਸ ਸਕੀਮਾਂ ਤੇ ਡਿਜੀਟਲ ਬੈਂਕਿੰਗ ਸਹੂਲਤਾਂ ਰਾਹੀਂ ਗ੍ਰਾਹਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਲੈ ਕੇ ਇਨ੍ਹਾਂ ਦਾ ਪੂਰਾ ਲਾਭ ਉਠਾਉਣ। ਕਮਿਊਨਿਟੀ ਹੈਲਥ ਅਫ਼ਸਰ ਮੈਡਮ ਸੁਨੀਤਾ ਨੇ ਬੈਂਕ ਦੇ ਇਸ ਸਮਾਜਿਕ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਨੇ ਬੈਂਕ ਪ੍ਰਬੰਧਨ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਭਵਿੱਖ ‘ਚ ਵੀ ਅਜਿਹੇ ਲੋਕ-ਹਿਤੈਸ਼ੀ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਮਲਕੀਤ ਚੰਦ, ਪੰਚਾਇਤ ਸਕੱਤਰ, ਰਣਜੀਤ ਰਾਮ, ਸਰਪੰਚ ਤੋਂ ਇਲਾਵਾ ਬੈਂਕ ਸਹਾਇਕ ਪ੍ਰਬੰਧਕ ਰਾਹੁਲ ਚੰਦ ਸਮੇਤ ਹੋਰ ਪਤਵੰਤੇ ਹਾਜ਼ਰ ਸਨ।