ਸਰਦਾਨਾ ਅਕਾਦਮਿਕ ਐਕਸੀਲੈਂਸ ਐਵਾਰਡ ਸਮਾਰੋਹ ਕਰਵਾਇਆ
ਕਮਲਾ ਨਹਿਰੂ ਪਬਲਿਕ ਸਕੂਲ ਵਿੱਚ ਆਈ. ਕੇ. ਸਰਦਾਨਾ ਅਕਾਦਮਿਕ ਐਕਸਲੈਂਸ ਅਵਾਰਡ ਸਮਾਰੋਹ
Publish Date: Sat, 07 Feb 2026 09:06 PM (IST)
Updated Date: Sat, 07 Feb 2026 09:08 PM (IST)

87 ਹੋਣਹਾਰ ਤੇ ਮੈਰਿਟ ’ਚ ਆਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਮਲਾ ਨਹਿਰੂ ਪਬਲਿਕ ਸਕੂਲ ਵਿਖੇ ਆਈਕੇ ਸਰਦਾਨਾ ਅਕਾਦਮਿਕ ਐਕਸੀਲੈਂਸ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸੈਸ਼ਨ 2024–25 ਦੇ 87 ਹੋਣਹਾਰ ਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ। ਸਮਾਰੋਹ ਦਾ ਮੁੱਖ ਆਕਰਸ਼ਣ ਆਈਕੇ ਸਰਦਾਨਾ ਅਕਾਦਮਿਕ ਐਕਸੀਲੈਂਸ ਐਵਾਰਡ ਸੀ, ਜੋ ਸਕੂਲ ਦੇ ਸੰਸਥਾਪਕ ਪ੍ਰਧਾਨ ਆਈਕੇ ਸਰਦਾਨਾ ਦੀ ਪਿਆਰੀ ਯਾਦ ਵਿਚ ਸਥਾਪਿਤ ਕੀਤਾ ਗਿਆ ਹੈ। ਉਹ ਇਕ ਪ੍ਰਸਿੱਧ ਸਿੱਖਿਆਵਾਦੀ, ਦਾਨੀ ਤੇ ਦੂਰਦਰਸ਼ੀ ਨੇਤਾ ਸਨ, ਜੋ ਸਿੱਖਿਆ ਦੀ ਰੂਪਾਂਤਰਕ ਤਾਕਤ ’ਤੇ ਪੂਰਾ ਵਿਸ਼ਵਾਸ ਰੱਖਦੇ ਸਨ। ਇਹ ਐਵਾਰਡ ਪੰਕਜ ਸਰਦਾਨਾ ਵੱਲੋਂ ਜਮਾਤ ਦਸਵੀਂ ਤੇ ਬਾਰ੍ਹਵੀਂ ਵਿਚ ਉਪਲੱਬਧੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਗਿਆ। ਜਮਾਤ ਬਾਰ੍ਹਵੀਂ ਦੀ ਟਾਪਰ ਹਰਨੀਤ ਕੌਰ ਨੂੰ 96.6% ਅੰਕ ਪ੍ਰਾਪਤ ਕਰਨ ਲਈ 50,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਦਸਵੀਂ ਜਮਾਤ ਦੀ ਟਾਪਰ ਪ੍ਰਨੰਨਿਆ ਨੂੰ 97.8% ਸ਼ਾਨਦਾਰ ਅੰਕ ਹਾਸਲ ਕਰਨ ’ਤੇ 50,000 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ। ਇਸ ਦੇ ਨਾਲ ਹੀ ਕਮਲਾ ਨਹਿਰੂ ਪਬਲਿਕ ਸਕੂਲ ਵਿਚ 15 ਸਾਲਾਂ ਤੋਂ ਵੱਧ ਸੇਵਾਵਾਂ ਨਿਭਾਉਣ ਵਾਲੇ 10 ਅਧਿਆਪਕਾਂ ਨੂੰ ਉਨ੍ਹਾਂ ਦੀ ਸਮਰਪਿਤ ਤੇ ਮਿਸਾਲੀ ਸੇਵਾ ਲਈ 50,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਪ੍ਰਿੰਸੀਪਲ ਪੀਕੇ ਢਿੱਲੋਂ (ਐਡਮਿਨ ਐਂਡ ਇਨੋਵੇਸ਼ਨ) ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਲਗਾਤਾਰ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਅਕਾਦਮਿਕ ਸਫ਼ਲਤਾ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਬਲਕਿ ਜ਼ਿੰਮੇਵਾਰ, ਨੈਤਿਕ ਤੇ ਦਿਆਲੂ, ਵਿਸ਼ਵ ਨਾਗਰਿਕ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ।