ਸਕੂਟਰੀ ਚੋਰੀ ਕਰਨ ਦੇ ਮਾਮਲੇ ’ਚ ਲੜਕੀ ਸਮੇਤ 2 ਕਾਬੂ
ਸਕੂਟਰੀ ਚੋਰੀ ਕਰਨ ਦੇ ਮਾਮਲੇ ਵਿਚ ਇਕ ਲੜਕੀ ਸਮੇਤ 2 ਕਾਬੂ
Publish Date: Sat, 28 Feb 2026 09:29 PM (IST)
Updated Date: Sat, 28 Feb 2026 09:31 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਦਿਨ ਪ੍ਰਤੀ ਦਿਨ ਸ਼ਹਿਰ ਅੰਦਰ ਹੋ ਰਹੀਆਂ ਚੋਰੀਆਂ ਨੂੰ ਵੇਖਦੇ ਹੋਏ ਲੋਕ ਵੀ ਹੁਣ ਸੁਚੇਤ ਹੋਣ ਲੱਗ ਪਏ ਹਨ। ਬੀਤੀ ਰਾਤ ਮਾਲ ਰੋਡ ਉਤੇ ਜਗਜੀਤ ਕਲੱਬ ਨੇੜੇ ਇਕ ਲੜਕੇ ਤੇ ਇਕ ਲੜਕੀ ਨੂੰ ਲੋਕਾਂ ਨੇ ਪਛਾਣ ਕੇ ਪੁਲਿਸ ਨੂੰ ਸੂਚਿਤ ਕਰਕੇ ਪੀਸੀਆਰ ਹਵਾਲੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਕੁਝ ਦਿਨ ਪਹਿਲਾਂ ਸਟੇਟ ਗੁਰਦੁਆਰਾ ਸਾਹਿਬ ਤੋਂ ਸਕੂਟਰੀ ਚੋਰੀ ਕੀਤੀ ਸੀ, ਜਿਸ ਦੀ ਫੁਟੇਜ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ। ਉਹ ਵੀਡੀਓ ਵਾਇਰਲ ਹੋਣ ਉਤੇ ਲੋਕਾਂ ਨੇ ਲੜਕੇ ਨੂੰ ਪਹਿਚਾਣ ਲਿਆ ਤੇ ਮੌਕੇ ਉਤੇ ਪੁਲਿਸ ਨੂੰ ਸੁਚਿਤ ਕੀਤਾ ਤਾਂ ਪੀਸੀਆਰ ਦੇ ਇੰਚਾਰਜ ਰਣਜੀਤ ਸਿੰਘ, ਏਐੱਸਆਈ ਰਾਕੇਸ਼ ਕੁਮਾਰ ਤੇ ਮਲਕੀਤ ਸਿੰਘ ਮੌਕੇ ਉਤੇ ਪਹੁੰਚੇ ਤੇ ਲੜਕੇ ਤੇ ਲੜਕੀ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਇਸ ਦੌਰਾਨ ਲੜਕੇ ਨੇ ਮੰਨਿਆ ਕਿ ਉਸ ਨੇ ਸਟੇਟ ਗੁਰਦੁਆਰਾ ਸਾਹਿਬ ਤੋਂ ਸਕੂਟਰੀ ਕਿਸੇ ਦੇ ਕਹਿਣ ਉਤੇ ਚੁੱਕੀ ਸੀ ਤੇ ਉਹ ਸਕੂਟਰੀ ਉਸਨੇ ਉਸੇ ਦੇ ਹਵਾਲੇ ਕਰ ਦਿੱਤੀ। ਪੁਲਿਸ ਨੇ ਮੌਕੇ ਉਤੇ ਉਨ੍ਹਾਂ ਕੋਲੋਂ ਇਕ ਹੋਰ ਸਕੂਟਰੀ ਬਰਾਮਦ ਕੀਤੀ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਸਕੂਟਰੀ ਉਨ੍ਹਾਂ ਦੀ ਹੈ ਜਾਂ ਇਹ ਵੀ ਚੋਰੀ ਦੀ ਹੈ। ਏਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਥਾਣਾ ਸਿਟੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਇਨ੍ਹਾਂ ਕੋਲੋਂ ਸਟੇਟ ਗੁਰਦੁਆਰਾ ਸਾਹਿਬ ਤੋਂ ਚੁੱਕੀ ਗਈ ਸਕੂਟਰੀ ਵੀ ਬਰਾਮਦ ਕਰਵਾਈ ਜਾਵੇਗੀ।