ਪਾਪੜ ਵੇਚਣ ਵਾਲੇ ਗੂੰਗੇ ਨੂੰ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਲੁੱਟਿਆ
ਇਨਸਾਨੀਅਤ ਹੋਈ ਸ਼ਰਮਸਾਰ, ਗੂੰਗੇ ਪਾਪੜ ਵੇਚਣ ਵਾਲੇ ਨੂੰ ਤੇਜਧਾਰ ਹਥਿਆਰ ਦੀ ਨੋਕ ’ਤੇ ਲੁੱਟਿਆ
Publish Date: Sat, 28 Feb 2026 09:33 PM (IST)
Updated Date: Sat, 28 Feb 2026 09:34 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਲੋਕਾਂ ਨੂੰ ਸੁਰੱਖਿਆ ਤੇ ਰੁਜ਼ਗਾਰ ਦੇਣ ਦੇ ਦਾਅਵਿਆਂ ਦਰਮਿਆਨ ਇਕ ਹੋਰ ਲੁੱਟ ਦੀ ਘਟਨਾ ਨੇ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਬੀਤੀ ਰਾਤ ਪਿੰਡ ਸਰਾਏ ਜੱਟਾਂ ਦੇ ਨੇੜੇ ਇਕ ਗਰੀਬ ਤੇ ਬੋਲਣ ਤੋਂ ਅਸਮਰੱਥ (ਗੂੰਗੇ) ਪਾਪੜ ਵੇਚਣ ਵਾਲੇ ਵਿਅਕਤੀ ਨੂੰ ਤਿੰਨ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਲੁੱਟ ਲਿਆ। ਪੀੜਤ ਵਿਅਕਤੀ, ਜੋ ਸਾਈਕਲ ‘ਤੇ ਪਾਪੜ ਤੇ ਹੋਰ ਖਾਣ-ਪੀਣ ਦਾ ਸਮਾਨ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ, ਨੇ ਇਸ਼ਾਰਿਆਂ ਰਾਹੀਂ ਦੱਸਿਆ ਕਿ ਦੇਰ ਸ਼ਾਮ ਉਹ ਪਾਪੜ ਵੇਚ ਕੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਤਿੰਨ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਗਰਦਨ ‘ਤੇ ਤੇਜਧਾਰ ਹਥਿਆਰ ਰੱਖ ਕੇ ਧਮਕਾਇਆ। ਉਨ੍ਹਾਂ ਉਸਦੀ ਜੇਬ ਤੇ ਸਾਈਕਲ ਵਿਚ ਲੁਕਾਈ ਨਕਦੀ ਵੀ ਖੰਗਾਲ ਕੇ ਕੱਢ ਲਈ। ਇਥੋਂ ਤੱਕ ਕਿ ਉਸਦੇ ਪਾਪੜ ਤੇ ਹੋਰ ਸਮਾਨ ਵੀ ਲੈ ਗਏ। ਪੀੜਤ ਲੜਕੇ ਨੇ ਇਸ਼ਾਰਿਆਂ ਨਾਲ ਦੱਸਿਆ ਕਿ ਉਸ ਦੀ 5-5 ਰੁਪਏ ਦੇ ਪਾਪੜ ਵੇਚ ਕੇ ਘਰ ਦੇ ਖਰਚ ਲਈ ਜੋੜੀ ਕਰੀਬ 3 ਹਜ਼ਾਰ ਰੁਪਏ ਦੀ ਨਕਦੀ ਵੀ ਲੁਟੇਰੇ ਲੈ ਗਏ। ਇਸ ਘਟਨਾ ਨਾਲ ਇਲਾਕੇ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਰੌਲਾ ਪੈਣ ‘ਤੇ ਪਿੰਡ ਵਾਸੀਆਂ ਨੇ ਤੁਰੰਤ 112 ਨੰਬਰ ‘ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਦੇ ਬਿਆਨ ਦਰਜ ਕੀਤੇ ਤੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਾਂਚ ਜਾਰੀ ਹੈ।