‘ਆਪਣਾ ਕਾਰੋਬਾਰ ਆਪਣੀ ਪਹਿਚਾਣ’ ਤਹਿਤ ਮਹਿਲਾ ਉਦਮੀਆਂ ਦਾ ਸਨਮਾਨ
ਆਪਣਾ ਕਾਰੋਬਾਰ ਆਪਣੀ ਪਹਿਚਾਣ ਤਹਿਤ ਮਹਿਲਾ ਉਦਮੀਆਂ ਦਾ ਸਨਮਾਨ
Publish Date: Fri, 13 Mar 2026 07:58 PM (IST)
Updated Date: Fri, 13 Mar 2026 08:00 PM (IST)
--ਡਿਪਟੀ ਕਮਿਸ਼ਨਰ ਵੱਲੋਂ ਵਿਰਸਾ ਵਿਹਾਰ ਕਪੂਰਥਲਾ ਵਿਖੇ ਕੀਤਾ ਗਿਆ ਮਹਿਲਾਵਾਂ ਦਾ ਸਨਮਾਨ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਰਸਾ ਵਿਹਾਰ ਕਪੂਰਥਲਾ ਵਿਖੇ ਆਪਣਾ ਕਾਰੋਬਾਰ ਆਪਣੀ ਪਹਿਚਾਣ ਤਹਿਤ ਮਹਿਲਾ ਉਦਮੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਮੁੱਖ ਮਹਿਮਾਨ ਵਜੋਂ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਅਧੀਨ ਜ਼ਿਲ੍ਹੇ ਵਿਚ ਚਲਾਏ ਜਾ ਰਹੇ 11 ਸੈਲਫ ਹੈਲਪ ਗਰੁੱਪਾਂ ਵਿੱਚੋਂ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੀਆਂ 100 ਮਹਿਲਾਵਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ, ਇਸ ਮਿਸ਼ਨ ਅਧੀਨ ਪੇਂਡੂ ਖੇਤਰ ਦੀਆਂ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਉਣ ਲਈ ਲਗਾਤਾਰ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਔਰਤਾਂ ਨੂੰ ਆਚਾਰ, ਪਾਪੜ, ਵੜੀਆਂ, ਜੂਟ ਬੈਗ, ਕੈਂਡਲ ਮੇਕਿੰਗ, ਸਰਫ, ਸਾਬਣ ਤੇ ਫਿਨਾਇਲ ਬਣਾਉਣ ਦੀ ਟ੍ਰੇਨਿੰਗ ਜ਼ਿਲ੍ਹੇ ਵਿਚ ਸਥਿਤ ਆਰਸੈਟੀ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ। ਇਹ ਟ੍ਰੇਨਿੰਗ ਕਰਨ ਉਪਰੰਤ ਮਹਿਲਾਵਾਂ ਵੱਲੋਂ ਆਪਣੇ ਕਾਰੋਬਾਰ ਸ਼ੁਰੂ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 100 ਮਹਿਲਾਵਾਂ ਵਿਚੋਂ ਵਧੀਆ ਕਾਰੋਬਾਰ ਕਰਨ ਵਾਲੀ ਔਰਤ ਨੂੰ ਰਾਜ ਪੱਧਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਤੀ 18 ਮਾਰਚ 2026 ਨੂੰ ਉਲੀਕੇ ਗਏ ਰਾਜ ਪੱਧਰੀ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਵਿਚ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਮਾਗਮ ਵਿਚ ਵਰਿੰਦਰਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਸਰਬਜੀਤ ਸਿੰਘ ਲੁਬਾਣਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ, ਹਲਕਾ ਇੰਚਾਰਜ ਕਪੂਰਥਲਾ ਕਰਮਵੀਰ ਸਿੰਘ ਚੰਦੀ, ਬਲਵਿੰਦਰ ਕੌਰ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ, ਉਪ ਪ੍ਰਧਾਨ ਅਮਰਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਗਗਨਦੀਪ ਸਿੰਘ, ਪਰਮਿੰਦਰ ਸਿੰਘ ਢੋਟ, ਹਰਪ੍ਰੀਤ ਕੌਰ ਕਪੂਰ ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ, ਗੁਰਪਾਲ ਸਿੰਘ ਇੰਡੀਅਨ, ਕੰਵਰ ਇਕਬਾਲ ਚੇਅਰਮੈਨ ਜੀਐੱਸਟੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ।