ਨਵੋਦਿਆ ਸਕੂਲ ’ਚ ਦਾਖ਼ਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦਾ ਸਨਮਾਨ
ਨਵੋਦਿਆ ਸਕੂਲ ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦਾ ਸਨਮਾਨ
Publish Date: Thu, 23 Apr 2026 07:42 PM (IST)
Updated Date: Fri, 24 Apr 2026 04:08 AM (IST)

ਕੈਪਸ਼ਨ : 23ਕੇਪੀਟੀ14 ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਲਈ ਚੁਣੇ ਗਏ ਵਿਦਿਆਰਥੀ ਵਿਕਰਮਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਬਲਾਕ ਸੰਮਤੀ ਮੈਂਬਰ ਮਨਦੀਪ ਕੌਰ,ਆਪ ਆਗੂ ਸਰਪੰਚ ਸੁਖਵਿੰਦਰ ਸਿੰਘ ਸੋਢੀ, ਸਕੂਲ ਅਧਿਆਪਕਾ ਸਤਵਿੰਦਰ ਕੌਰ, ਆਂਗਨਵਾੜੀ ਇੰਚਾਰਜ ਰਣਜੀਤ ਕੌਰ ਤੇ ਹੋਰ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਰਤ ਸਰਕਾਰ ਦੇ ਪ੍ਰਬੰਧਾਂ ਹੇਠ ਕਪੂਰਥਲਾ ਜ਼ਿਲ੍ਹੇ ਵਿੱਚ ਚੱਲ ਰਹੇ ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਲਈ ਐਂਟਰੈਂਸ ਪ੍ਰੀਖਿਆ ਤੋਂ ਬਾਅਦ ਦਾਖ਼ਲਾ ਪ੍ਰਾਪਤ ਕਰਨ ਵਾਲੇ ਸਰਕਾਰੀ ਐਲੀਮੈਂਟਰੀ ਸਕੂਲ ਨੱਥੂਪੁਰ ਦੇ ਵਿਦਿਆਰਥੀ ਵਿਕਰਮਜੀਤ ਸਿੰਘ ਦਾ ਗ੍ਰਾਮ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬਲਾਕ ਸੰਮਤੀ ਮੈਂਬਰ ਮਨਦੀਪ ਕੌਰ, ਆਪ ਦੇ ਸੀਨੀਅਰ ਆਗੂ ਸਰਪੰਚ ਸੁਖਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਰਕਾਰੀ ਸਕੂਲਾਂ ਵਿੱਚ ਬੱਚੇ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮੁਫ਼ਤ ਅਤੇ ਮਿਆਰੀ ਸਿੱਖਿਆ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਦੁਆਰਾ ਦਿੱਤੀ ਜਾ ਰਹੀ ਹੈ। ਭਗਵੰਤ ਮਾਨ ਸਰਕਾਰ ਨੇ ਸਿੱਖਿਆ ਬਜ਼ਟ ਵਿੱਚ ਵੀ ਭਾਰੀ ਵਾਧਾ ਕੀਤਾ ਹੈ ਤਾਂ ਜ਼ੋ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਹੋ ਸਕਣ। ਉਨ੍ਹਾਂ ਸਕੂਲ ਦੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਵੱਕਾਰੀ ਸੰਸਥਾ ਵਿੱਚ ਦਾਖ਼ਲਾ ਮਿਲਿਆ ਹੈ।ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਐਲੀਮੈਂਟਰੀ ਸਕੂਲ ਨੱਥੂਪੁਰ ਦਾ ਜਿਹੜਾ ਵੀ ਵਿਦਿਆਰਥੀ ਨਵੋਦਿਆ ਸਕੂਲ ਵਿੱਚ ਦਾਖਲਾ ਪ੍ਰਾਪਤ ਕਰੇਗਾ ਉਸ ਨੂੰ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਸਕੂਲ ਅਧਿਆਪਕਾ ਸਤਵਿੰਦਰ ਕੌਰ ਨੇ ਦੱਸਿਆ ਕਿ ਨਵੋਦਿਆ ਸਕੂਲ ਲਈ ਹੋਣ ਵਾਲੇ ਐਂਟਰੈਂਸ ਟੈਸਟ ਦੀ ਤਿਆਰੀ ਸਕੂਲ ਅਧਿਆਪਕਾਂ ਵੱਲੋਂ ਹੀ ਕਰਵਾਈ ਜਾਂਦੀ ਹੈ। ਲਗਾਤਾਰ ਦੂਜੀ ਵਾਰ ਨੱਥੂਪੁਰ ਸਕੂਲ ਦੇ ਵਿਦਿਆਰਥੀ ਨੇ ਨਵੋਦਿਆ ਸਕੂਲ ’ਚ ਦਾਖਲਾ ਪ੍ਰਾਪਤ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਕਿਰਨਦੀਪ ਕੌਰ, ਸਕੂਲ ਇੰਚਾਰਜ ਜਗਮੋਹਣ ਸਿੰਘ ਵੱਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਚ ਨਵਜੋਤ ਸਿੰਘ,ਆਪ ਆਗੂ ਬਲਦੇਵ ਸਿੰਘ ਆਂਗਨਵਾੜੀ ਇੰਚਾਰਜ ਰਣਜੀਤ ਕੌਰ, ਸੁਨੀਤਾ ਰਾਣੀ, ਗੁਰਮੇਜ਼ ਸਿੰਘ,ਅਮਨਦੀਪ ਕੌਰ, ਮਨਜੀਤ ਕੌਰ, ਹਰਬੰਸ ਸਿੰਘ ਆਦਿ ਹਾਜ਼ਰ ਸਨ।