ਫਗਵਾੜਾ ਦੇ ਪੇਂਡੂ ਇਲਾਕਿਆਂ ’ਚ ਉਤਸ਼ਾਹ ਨਾਲ ਮਨਾਈ ਗਈ ਹੋਲੀ
ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਓਹਾਰ
Publish Date: Thu, 05 Mar 2026 07:16 PM (IST)
Updated Date: Thu, 05 Mar 2026 07:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਰੰਗਾਂ ਦਾ ਤਿਉਹਾਰ ਹੋਲੀ ਫਗਵਾੜਾ ਦੇ ਪੇਂਡੂ ਇਲਾਕਿਆਂ ਵਿਚ ਹਰ ਸਾਲ ਦੀ ਤਰ੍ਹਾਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਛੋਟੇ ਬੱਚਿਆਂ ਵਿਚ ਪਿਚਕਾਰੀਆਂ ਤੇ ਪਾਣੀ ਵਾਲੇ ਗੁਬਾਰਿਆਂ ਨੂੰ ਲੈ ਕੇ ਖਾਸ ਜੋਸ਼ ਨਜ਼ਰ ਆਇਆ। ਨਿੱਕੇ-ਨਿੱਕੇ ਬੱਚੇ ਸਵੇਰੇ ਤੋਂ ਹੀ ਤਰ੍ਹਾਂ-ਤਰ੍ਹਾਂ ਦੀਆਂ ਪਿਚਕਾਰੀਆਂ ਤੇ ਪਾਣੀ ਵਾਲੇ ਗੁਬਾਰੇ ਲੈ ਕੇ ਟੋਲੀਆਂ ਦੇ ਰੂਪ ਵਿਚ ਹੋਲੀ ਖੇਡਦੇ ਦੇਖੇ ਗਏ। ਦੂਸਰੇ ਪਾਸੇ ਨੌਜਵਾਨਾਂ ਦੀਆਂ ਟੋਲੀਆਂ ਸਕੂਟਰਾਂ-ਮੋਟਰਸਾਇਕਲਾਂ ’ਤੇ ਸਵਾਰ ਹੋ ਕੇ ਸੜਕਾਂ ‘ਤੇ ਘੁੰਮਦੀਆਂ ਤੇ ਆਪਣੇ ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਹੋਲੀ ਖੇਡਣ ਵਿਚ ਮਸਤ ਰਹੀਆਂ। ਧਾਰਮਿਕ ਅਸਥਾਨਾਂ ’ਤੇ ਫੁੱਲਾਂ ਦੀ ਹੌਲੀ ਖੂਬ ਖੇਡੀ ਗਈ। ਮੁਟਿਆਰਾ ਤੇ ਔਰਤਾਂ ਵੀ ਹੋਲੀ ਦੇ ਰੰਗ ਵਿਚ ਰੰਗੀਆਂ ਨਜ਼ਰ ਆਈਆਂ। ਇਸ ਮੌਕੇ ਸਮੂਹ ਸੰਗਤਾਂ ਨੂੰ ਹੋਲੀ ਤੇ ਹੋਲਾ ਮਹੱਲਾ ਦੀ ਵਧਾਈ ਦਿੰਦਿਆਂ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਦੇ ਗੱਦੀ ਨਸ਼ੀਨ ਸਾਈਂ ਕਰਨੈਲ ਸ਼ਾਹ ਸਾਹਨੀ ਨੇ ਕਿਹਾ ਕਿ ਬਸੰਤ ਤੋਂ ਬਾਅਦ ਪ੍ਰਕਿਰਤੀ ਵਿਚ ਰੰਗਾਂ ਦਾ ਬਹਾਰ ਦੇਖਣ ਨੂੰ ਮਿਲਦੀ ਹੈ ਤੇ ਵਾਤਾਵਰਣ ਪੂਰੀ ਤਰ੍ਹਾਂ ਨਾਲ ਹਰਿਆ-ਭਰਿਆ ਹੋ ਜਾਂਦਾ ਹੈ। ਦਰਖ਼ਤਾਂ ’ਤੇ ਨਵੇਂ ਪੱਤੇ ਤੇ ਬੂਟਿਆਂ ਉੱਪਰ ਰੰਗ-ਵਿਰੰਗੇ ਫੁੱਲ ਖਿੜਨ ਲੱਗਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਹੋਲੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਖੁਸ਼ੀ ਜਤਾਈ ਕਿ ਖਤਰਨਾਕ ਕੈਮੀਕਲ ਵਾਲੇ ਰੰਗਾਂ ਦਾ ਪ੍ਰਚਲਨ ਕਾਫੀ ਹਦ ਤੱਕ ਘੱਟ ਗਿਆ ਹੈ।