ਫੈੱਡਰੇਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਨਾਲ ਮੀਟਿੰਗ
ਫੈਡਰੇਸ਼ਨ ਵੱਲੋਂ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਡਾਇਰੈਕਟਰ ਸਿੱਖਿਆ ਵਿਭਾਗ ਨਾਲ ਮੀਟਿੰਗ
Publish Date: Wed, 18 Mar 2026 07:55 PM (IST)
Updated Date: Thu, 19 Mar 2026 04:11 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਸਮਾਜ ਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ/ਬੀ ਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ਼੍ਰੀ ਸਤਵੰਤ ਟੂਰਾ, ਮਨਜੀਤ ਗਾਟ, ਨਛੱਤਰ ਸਿੰਘ ,ਗੁਰਪਿਆਰ ਸਿੰਘ ਦੀ ਅਗਵਾਈ ਅਧੀਨ ਫੈਡਰੇਸ਼ਨ ਦਾ ਇੱਕ ਵਫ਼ਦ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਸ਼੍ਰੀ ਕੇਸ਼ਵ ਗੋਇਲ ਪੀਸੀਐਸ ਨੂੰ ਉਨਾਂ ਦੇ ਦਫ਼ਤਰ ਵਿਖੇ ਮੁਲਾਜ਼ਮ ਵਰਗ ਦੀਆਂ ਜਾਇਜ਼ ਮੰਗਾਂ ਸੰਬੰਧੀ ਮਿਲਿਆ। ਮੁੱਖ ਮੰਗਾਂ ਜਿਨ੍ਹਾਂ ਵਿੱਚ ਹਾਲ ਹੀ ਵਿੱਚ ਸਿੱਖਿਆ ਵਿਭਾਗ ਵੱਲੋਂ ਕਾਮਰਸ ਵਿਸ਼ੇ ਅਧੀਨ 245 ਦੇ ਕਰੀਬ ਲੈਕਚਰਾਰਾਂ ਨੂੰ ਸਿੱਖਿਆ ਵਿਭਾਗ ਵੱਲੋਂ ਰਿਵਰਟ/ਰਿਵਿਊ ਕਰਨ ਅਧੀਨ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਸਬੰਧਤ ਕਰਮਚਾਰੀ ਇਸ ਨੋਟਿਸ ਦਾ ਜਵਾਬ 21 ਦਿਨ ਦੇ ਅੰਦਰ ਦਫ਼ਤਰ ਵਿਖੇ ਜਮਾਂ ਕਰਵਾਉਣ। ਫੈਡਰੇਸ਼ਨ ਨੇ ਮਾਨਯੋਗ ਡਾਇਰੈਕਟਰ ਸਾਹਿਬ ਨੂੰ ਇਸ ਸਬੰਧੀ ਤਰਕ ਦਿੰਦਿਆਂ ਕਿਹਾ ਕਿ ਇਹ ਸਾਰੀਆਂ ਤਰੱਕੀਆਂ ਰੋਸਟਰ ਰਜਿਸਟਰ ਦੇ ਅਨੁਸਾਰ ਹੋਈਆਂ ਹਨ ਅਤੇ ਜੋ ਵਿਭਾਗ ਨੇ ਬੈਕਲਾਗ ਕੱਢਿਆ ਹੈ ਉਸ ਨੂੰ ਪੂਰਾ ਕਰਨ ਅਤੇ ਰੋਸਟਰ ਰਜਿਸਟਰ ਵਿੱਚ ਖਾਲੀ ਪਏ ਨੁਕਤਿਆਂ ਦੇ ਆਧਾਰ ਤੇ ਹੀ ਇਹ ਤਰੱਕੀਆਂ ਕੀਤੀਆਂ ਗਈਆਂ ਸਨ । ਵਿਭਾਗ ਕੋਲ ਕਾਮਰਸ ਵਿਸ਼ੇ ਦੀਆਂ ਖਾਲੀ ਪੋਸਟਾਂ ਹੋਣ ਦੇ ਕਰਕੇ ਹੀ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਕੀਤੀ ਗਈ ਹੈ ਅਤੇ ਅਜੇ ਵੀ ਬਹੁਤ ਸਾਰੇ ਸਕੂਲਾਂ ਵਿੱਚ ਤਰੱਕੀ ਕੋਟੇ ਦੀਆਂ ਪੋਸਟਾਂ ਖਾਲੀ ਪਈਆਂ ਹਨ। ਇਸ ਕਰਕੇ ਲੈਕਚਰਾਰਾਂ ਨੂੰ ਨੋਟਿਸ ਜਾਰੀ ਕਰਨਾ ਕੋਈ ਆਧਾਰ ਨਹੀਂ ਹੈ ਕਿਉਂਕਿ ਅਗਰ ਪੋਸਟਾਂ ਖਾਲੀ ਸਨ ਤਾਂ ਹੀ ਇਹ ਪ੍ਰਮੋਸ਼ਨਾਂ ਹੋਈਆਂ ਹਨ ਸੋ ਇਹ ਜਾਰੀ ਕੀਤੇ ਗਏ ਨੋਟਿਸ ਨੂੰ ਫਿਰ ਤੋਂ ਵੈਰੀਫਾਈ ਕੀਤਾ ਜਾਵੇ ਤਾਂ ਕਿ ਕਿਸੇ ਵੀ ਲੈਕਚਰਾਰ ਦਾ ਨੁਕਸਾਨ ਨਾ ਹੋਵੇ। ਇਸੇ ਤਰ੍ਹਾਂ 2024 ਵਿੱਚ ਜੋ ਵੱਖ ਵੱਖ ਵਿਸ਼ਿਆਂ ਦੇ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਕੀਤੀਆਂ ਗਈਆਂ ਸਨ ਨੂੰ ਵਿਭਾਗ ਵੱਲੋਂ ਬਹੁਤ ਦੂਰ ਦੁਰਾਡੇ ਦੇ ਸਟੇਸ਼ਨ ਦਿੱਤੇ ਗਏ ਸਨ ਜਦ ਕਿ ਲੋਕਲ ਸਿੱਖਿਆ ਬਲਾਕਾਂ ਵਿੱਚ ਵੱਖ ਵੱਖ ਵਿਿਸ਼ਆਂ ਦੀਆਂ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਸਨ। ਅੱਜ ਵੀ ਬਹੁਤ ਸਾਰੇ ਲੈਕਚਰਾਰ 100 ਕਿਲੋਮੀਟਰ ਤੋਂ ਵੱਧ ਰੋਜ਼ਾਨਾ ਸਫ਼ਰ ਤੈਅ ਕਰਕੇ ਸੇਵਾਵਾਂ ਨਿਭਾ ਰਹੇ ਹਨ, ਕੁੱਝ ਤਰੱਕੀ ਪ੍ਰਾਪਤ ਲੈਕਚਰਾਰਾਂ ਵੱਲੋਂ ਕੋਰਟ ਕੇਸ ਕਰਕੇ ਲੋਕਲ ਸਟੇਸ਼ਨ ਪ੍ਰਾਪਤ ਕਰ ਲਏ ਹਨ। ਫੈਡਰੇਸ਼ਨ ਨੇ ਮੰਗ ਕੀਤੀ ਕਿ ਇਹਨਾਂ ਲੈਕਚਰਾਰਾਂ ਨੂੰ 2026 ਦੀਆਂ ਆਮ ਬਦਲੀਆਂ ਵਿੱਚ ਸਪੈਸ਼ਲ ਮੌਕਾ ਦਿੱਤਾ ਜਾਵੇ ਤਾਂ ਕਿ ਇਹ ਲੈਕਚਰਾਰ ਵੀ ਆਪਣੇ ਲੋਕਲ ਸਿੱਖਿਆ ਬਲਾਕਾਂ ਵਿੱਚ ਆਪਣੀਆਂ ਸੇਵਾਵਾਂ ਦੇ ਸਕਣ। ਇਸੇ ਤਰ੍ਹਾਂ ਸਕੂਲ ਆਫ ਐਮੀਨੈਂਸ ਜੋ ਕਿ ਸਰਕਾਰ ਦਾ ਇੱਕ ਸੁਪਨਾ ਹੈ ਉਹਦੇ ਸਾਰੇ ਸਕੂਲਾਂ ਵਿੱਚ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰਾਂ ਦੀਆਂ ਪੋਸਟਾਂ ਦੇਣ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਪਿਛਲੇ ਸਮੇਂ ਸਮੱਗਰਾ ਅਧੀਨ ਬਹੁਤ ਸਾਰੇ ਸਕੂਲ ਅਪਗ੍ਰੇਡ ਕੀਤੇ ਗਏ ਸਨ ਬਾਕੀ ਵਿਿਸ਼ਆਂ ਦੀਆਂ ਪੋਸਟਾਂ ਸਿੱਖਿਆ ਵਿਭਾਗ ਵੱਲੋਂ ਦੇ ਦਿੱਤੀਆਂ ਸਨ ਪਰ ਅਜੇ ਵੀ ਕੁਝ ਹਾਈ ਸਕੂਲ ਅਜਿਹੇ ਹਨ ਜਿੱਥੇ ਕੰਪਿਊਟਰ ਅਧਿਆਪਕਾਂ ਦੀਆਂ ਪੋਸਟਾਂ ਨਹੀਂ ਦਿੱਤੀਆਂ ਗਈਆਂ ਅਤੇ ਦੂਸਰੇ ਸਕੂਲਾਂ ਤੋਂ ਹੀ ਅਧਿਆਪਕਾਂ ਨੂੰ ਆਰਜ਼ੀ ਤੌਰ ਤੇ ਬੁਲਾਇਆ ਜਾ ਰਿਹਾ ਹੈ। ਫੈਡਰੇਸ਼ਨ ਵੱਲੋਂ ਮਾਨਯੋਗ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਇਹ ਵੀ ਮੰਗ ਪੱਤਰ ਦਿੱਤਾ ਗਿਆ ਕਿ ਆਮ ਬਦਲੀਆਂ 2026 ਨੂੰ ਅਪ੍ਰੈਲ ਮਹੀਨੇ ਵਿੱਚ ਹੀ ਪੋਰਟਲ ਖੋਲ ਦਿੱਤਾ ਜਾਵੇ ਤਾਂ ਕਿ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸੈਸ਼ਨ ਦੇ ਸ਼ੁਰੂ ਦੇ ਵਿੱਚ ਹੀ ਅਧਿਆਪਕ ਮਿਲ ਸਕਣ ਅਤੇ ਇਹ ਵੀ ਮੰਗ ਕੀਤੀ ਗਈ ਕਿ ਇਹ ਆਮ ਬਦਲੀਆਂ ਦੇ ਘੱਟ ਤੋਂ ਘੱਟ ਦੋ ਗੇੜ ਜਰੂਰ ਲਗਾਏ ਜਾਣ ਤਾਂ ਕਿ ਦੂਰ ਦੁਰਾਡੇ ਸੇਵਾਵਾਂ ਨਿਭਾ ਰਹੇ ਅਧਿਆਪਕ ਆਪਣੇ ਨੇੜੇ ਦੇ ਸਿੱਖਿਆ ਬਲਾਕਾਂ ਵਿੱਚ ਆ ਸਕਣ ਫੈਡਰੇਸ਼ਨ ਵੱਲੋਂ ਮੁਲਾਜ਼ਮ ਵਰਗ ਦੇ ਨਾਲ ਹੋਰ ਵੀ ਬਹੁਤ ਸਾਰੇ ਸੰਬੰਧਿਤ ਮਸਲੇ ਮਾਨਯੋਗ ਡਾਇਰੈਕਟਰ ਸਾਹਿਬ ਦੇ ਧਿਆਨ ਵਿੱਚ ਲਿਆਂਦੇ ਗਏ। ਵਫ਼ਦ ਵਿੱਚ ਅਸ਼ੋਕ ਵਾਹਦ ਸੁਰਜੀਤ ਰਾਮ ਜਗਰੂਪ ਸਿੰਘ ਸਿਮਰਨਜੀਤ ਹਾਜ਼ਰ ਸਨ