ਹਿੰਦੂ ਕੰਨਿਆ ਕਾਲਜ ਦੀ ਲਾਇਬ੍ਰੇਰੀ ਨੇ ਲਾਈ ਪੁਸਤਕ ਪ੍ਰਦਰਸ਼ਨੀ
ਹਿੰਦੂ ਕੰਨਿਆ ਕਾਲਜ ਦੀ ਲਾਇਬ੍ਰੇਰੀ ਵੱਲੋਂ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ
Publish Date: Thu, 23 Apr 2026 07:23 PM (IST)
Updated Date: Fri, 24 Apr 2026 04:08 AM (IST)

ਕੈਪਸ਼ਨ: 23ਕੇਪੀਟੀ3, 4 ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਲਾਇਬ੍ਰੇਰੀ ਵੱਲੋਂ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਨੂੰ ਸਮਰਪਿਤ ਆਯੋਜਿਤ ਪੁਸਤਕ ਪ੍ਰਦਰਸ਼ਨੀ ਨੂੰ ਦੇਖਦੇ ਹੋਏ ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਅਤੇ ਹੋਰ। ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਲਾਇਬ੍ਰੇਰੀ ਵੱਲੋਂ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਨੂੰ ਸਮਰਪਿਤ ਪੁਸਤਕ-ਪ੍ਰਦਰਸ਼ਨੀ ਲਗਾਈ ਗਈ। ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਨਾ ਤੇ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਪੁਸਤਕ-ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਨਾਂ ਦੇ ਨਾਲ ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ, ਕਾਲਜੀਏਟ ਸਕੂਲ ਤੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ, ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਡਾ ਨੀਤੂ ਭਾਰਗਵ, ਮੈਂਬਰ ਡਾ. ਅਨੁਪਮ ਸਭਰਵਾਲ ਤੇ ਡਾ. ਤੇਜਿੰਦਰ ਕੌਰ ਸਨ । ਲਾਇਬ੍ਰੇਰੀ ਵਿਭਾਗ ਵੱਲੋਂ ਲਾਈ ਗਈ ਇਸ ਪੁਸਤਕ-ਪ੍ਰਦਰਸ਼ਨੀ ਵਿੱਚ ਜੀਵਨੀਨੁਮਾ ਪੁਸਤਕਾਂ, ਧਾਰਮਿਕ ਪੁਸਤਕਾਂ, ਇਤਿਹਾਸਕ ਤੇ ਸੰਦਰਭ ਪੁਸਤਕਾਂ, ਸਾਹਿਤ ਅਕਾਦਮੀ ਦੁਆਰਾ ਪੁਰਸਕ੍ਰਿਤ ਪੁਸਤਕਾਂ ਦੇ ਨਾਲ-ਨਾਲ ਕਾਲਜ ਦੇ ਅਧਿਆਪਕਾਂ ਦੀਆਂ ਸਵੈ-ਰਚਿਤ ਪੁਸਤਕਾਂ ਵੀ ਇਸ ਦਾ ਸ਼ਿੰਗਾਰ ਬਣੀਆਂ। ਪ੍ਰਦਰਸ਼ਨੀ ਨੂੰ ਦੇਖਣ ਆਏ ਉਤਸ਼ਾਹਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲਾਇਬ੍ਰੇਰੀਅਨ ਮੈਡਮ ਸ਼ੀਲਾ ਦੇਵੀ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁਗ ਵਿੱਚ ਅਸੀਂ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਸਾਨੂੰ ਇਹ ਭਲੀਭਾਂਤ ਸਮਝਣਾ ਚਾਹੀਦਾ ਹੈ ਕਿ ਪੁਸਤਕਾਂ ਹੀ ਸਾਡੀਆਂ ਚੰਗੀਆਂ ਸਾਥੀ ਹਨ। ਇਹ ਜਿਥੇ ਸਾਨੂੰ ਇਤਿਹਾਸ ਨਾਲ ਜੋੜਦੀਆਂ ਹਨ ਉਥੇ ਭਵਿੱਖ ਲਈ ਇੱਕ ਚੰਗੀ ਸੇਧ ਵੀ ਦਿੰਦੀਆਂ ਹਨ। ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀ ਦਾ ਉਤਸ਼ਾਹ ਦੇਖਣ ਵਾਲਾ ਸੀ। ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਨੇ ਲਾਇਬ੍ਰੇਰੀਅਨ ਮੈਡਮ ਸ਼ੀਲਾ ਦੇਵੀ , ਰਿਸਟੋਰਰ ਮਿਸ ਸਾਕਸ਼ੀ, ਸ੍ਰੀਮਤੀ ਹਰਪ੍ਰੀਤ ਤੇ ਕਮਲ ਕੁਮਾਰ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਪੁਸਤਕਾਂ ਸਾਡੇ ਗਿਆਨ ਤੇ ਬੌਧਿਕ ਹੁਨਰ ਨੂੰ ਵਧਾਉਂਦੀਆਂ ਹਨ ਤੇ ਨਾਲ ਹੀ ਪੜ੍ਹਨ-ਲਿਖਣ ਦੇ ਹੁਨਰ ਵਿੱਚ ਵੀ ਇਜ਼ਾਫਾ ਕਰਦੀਆਂ ਹਨ। ਇਸ ਲਈ ਸਭ ਨੂੰ ਪੁਸਤਕਾਂ ਪੜਨੀਆਂ ਚਾਹੀਦੀਆਂ ਹਨ ਕਿਉਂਕਿ ਪੁਸਤਕਾਂ ਸਾਡੀ ਰੂਹ ਦੀ ਖ਼ੁਰਾਕ ਹਨ। ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਦੇ ਅਧਿਆਪਕਾਂ ਨੇ ਵੀ ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਰੁੱਚੀ ਦਿਖਾਈ।