ਗੁਰੂ ਨਾਨਕ ਸਟੇਡੀਅਮ ਵਿਖੇ ਵਿਰਾਸਤੀ ਮੇਲਾ ਕੱਲ੍ਹ ਤੋਂ ਆਰੰਭ
20 ਤੋਂ 22 ਮਾਰਚ ਤੱਕ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਇਆ ਜਾਵੇਗਾ ਵਿਰਾਸਤੀ ਮੇਲਾ
Publish Date: Wed, 18 Mar 2026 06:38 PM (IST)
Updated Date: Thu, 19 Mar 2026 04:07 AM (IST)

ਮੇਲੇ ’ਚ ਐਂਟਰੀ ਬਿਲਕੁਲ ਫਰੀ, ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੱਦਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਪੂਰਥਲਾ ਵਿਰਾਸਤੀ ਮੇਲਾ–2026, 20, 21 ਅਤੇ 22 ਮਾਰਚ 2026 ਨੂੰ ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਇਸ ਵਿਰਾਸਤੀ ਮੇਲੇ ’ਚ ਸ਼ਮੂਲੀਅਤ ਕਰਕੇ ਪੰਜਾਬ ਦੀ ਵਿਰਾਸਤ ਤੇ ਸੱਭਿਆਚਾਰ ਦਾ ਆਨੰਦ ਮਾਣਨ । ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਹਰ ਰੋਜ਼ ਸਵੇਰੇ 11 ਵਜੇ ਤੋਂ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਹੋਣਗੀਆਂ , ਜਦਕਿ ਸ਼ਾਮ ਨੂੰ ਮਸ਼ਹੂਰ ਕਲਾਕਾਰਾਂ ਵੱਲੋਂ ਸਟਾਰ ਨਾਈਟ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਸ ਮੌਕੇ 20 ਮਾਰਚ ਨੂੰ ਸਿਕੰਦਰ ਸਲੀਮ, 21 ਮਾਰਚ ਨੂੰ ਗੁਰਨਾਮ ਭੁੱਲਰ ਅਤੇ 22 ਮਾਰਚ ਨੂੰ ਕਨਵਰ ਗਰੇਵਾਲ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੌਰਾਨ ਲੋਕਾਂ ਦੇ ਮਨੋਰੰਜਨ ਅਤੇ ਰੁਚੀ ਲਈ ਫੂਡ ਕੋਰਟ, ਕਰਾਫਟ ਬਜ਼ਾਰ, ਕਿਡਜ਼ ਜ਼ੋਨ ਅਤੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵੀ ਖਾਸ ਆਕਰਸ਼ਣ ਹੋਣਗੀਆਂ। ਇਸ ਤੋਂ ਇਲਾਵਾ ਪੰਜਾਬ ਦੀ ਪਰੰਪਰਾਗਤ ਕਲਾ ਅਤੇ ਹਸਤਸ਼ਿਲਪ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਮਕਸਦ ਪੰਜਾਬ ਦੀ ਵਿਰਾਸਤ, ਸਭਿਆਚਾਰ ਅਤੇ ਲੋਕ ਕਲਾਵਾਂ ਨੂੰ ਉਭਾਰਨਾ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਮੇਲੇ ਵਿੱਚ ਪਹੁੰਚ ਕੇ ਇਸ ਸਮਾਗਮ ਨੂੰ ਕਾਮਯਾਬ ਬਣਾਉਣ।