ਪਿੰਡਾਂ ਦੀਆਂ ਗਲੀਆਂ ’ਚ ਰੇਤ ਦੇ ਭਾਰੀ ਵਾਹਨ; ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ
ਪਿੰਡਾਂ ਦੀਆਂ ਗਲੀਆਂ ਵਿੱਚ ਰੇਤ ਦੇ ਭਾਰੀ ਵਾਹਨ – ਲੋਕਾਂ ਦੀ ਸੁਰੱਖਿਆ ਤੇ ਸਵਾਲਾਂ ਦੇ ਘੇਰੇ ਵਿੱਚ ਪ੍ਰਸ਼ਾਸਨ
Publish Date: Tue, 10 Feb 2026 07:10 PM (IST)
Updated Date: Tue, 10 Feb 2026 07:11 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡਾਂ ਦੀਆਂ ਤੰਗ ਗਲੀਆਂ ਵਿਚ ਦੇਰ ਰਾਤ ਜਾਂ ਤੜਕੇ ਸਵੇਰੇ ਰੇਤ ਨਾਲ ਲੱਦੇ ਭਾਰੀ ਟਰਾਲੇ ਲੰਘਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਹਾਲਾਂਕਿ ਨਿਯਮਾਂ ਅਨੁਸਾਰ ਇਹ ਭਾਰੀ ਵਾਹਨ ਮੇਨ ਸੜਕਾਂ ਰਾਹੀਂ ਲੰਘਣੇ ਚਾਹੀਦੇ ਹਨ ਪਰ ਅਕਸਰ ਇਹ ਪਿੰਡਾਂ ਦੇ ਅੰਦਰੂਨੀ ਰਸਤੇ ਚੁਣਦੇ ਹਨ। ਇਸ ਕਾਰਨ ਨਾ ਸਿਰਫ਼ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ, ਸਗੋਂ ਪਿੰਡ ਵਾਸੀਆਂ ਦੇ ਮਨਾਂ ਵਿਚ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਪਿੰਡਾਂ ਦੀਆਂ ਗਲੀਆਂ ਪਹਿਲਾਂ ਹੀ ਤੰਗ ਹੁੰਦੀਆਂ ਹਨ, ਜਿਥੇ ਸਕੂਲੀ ਬੱਚੇ, ਬਜ਼ੁਰਗ ਤੇ ਦੋਪਹੀਆ ਵਾਹਨ ਚਲਣ ਵਾਲੇ ਆਮ ਹੁੰਦੇ ਹਨ। ਇਨ੍ਹਾਂ ਗਲੀਆਂ ਵਿਚ ਭਾਰੀ ਰੇਤ ਦੇ ਟਰਾਲਿਆਂ ਦੀ ਆਵਾਜਾਈ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਕਈ ਥਾਵਾਂ ’ਤੇ ਗਲੀਆਂ ਟੁੱਟ-ਫੁੱਟ ਦਾ ਸ਼ਿਕਾਰ ਹੋ ਸਕਦੀਆਂ ਹਨ। ਇਸ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਇਹ ਚਰਚਾ ਵੀ ਹੈ ਕਿ ਕਿਤੇ ਇਹ ਸਭ ਰੇਤ ਮਾਫੀਆ ਦੀ ਸਰਗਰਮੀ ਤਾਂ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਮੇਨ ਸੜਕਾਂ ’ਤੇ ਨਾਕੇ ਜਾਂ ਚੈਕਿੰਗ ਤੋਂ ਬਚਣ ਲਈ ਇਹ ਵਾਹਨ ਪਿੰਡਾਂ ਦੇ ਅੰਦਰਲੇ ਰਸਤੇ ਵਰਤਦੇ ਹਨ। ਦੇਰ ਰਾਤ ਆਵਾਜਾਈ ਹੋਣ ਕਾਰਨ ਨਿਗਰਾਨੀ ਵੀ ਘੱਟ ਰਹਿੰਦੀ ਹੈ, ਜਿਸ ਨਾਲ ਸ਼ੱਕ ਹੋਰ ਗਹਿਰਾ ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਾਰੀ ਵਾਹਨਾਂ ਦੇ ਪਿੰਡਾਂ ਦੀਆਂ ਗਲੀਆਂ ਵਿਚ ਦਾਖ਼ਲੇ ’ਤੇ ਪੂਰਨ ਪਾਬੰਦੀ ਲਗਾਈ ਜਾਵੇ। ਨਾਲ ਹੀ ਰੇਤ ਦੀ ਲਿਫ਼ਟਿੰਗ ਤੇ ਆਵਾਜਾਈ ਦੀ ਸਖ਼ਤ ਜਾਂਚ ਕੀਤੀ ਜਾਵੇ, ਤਾਂ ਜੋ ਗੈਰਕਾਨੂੰਨੀ ਮਾਈਨਿੰਗ ਤੇ ਟਰਾਂਸਪੋਰਟ ’ਤੇ ਰੋਕ ਲੱਗ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਕਿਸੇ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਸ਼ਾਸਨ ਵੱਲੋਂ ਭਾਵੇਂ ਨਿਯਮਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪਿੰਡਾਂ ਦੀਆਂ ਗਲੀਆਂ ਵਿਚ ਭਾਰੀ ਰੇਤ ਦੇ ਟਰਾਲਿਆਂ ਦੀ ਆਵਾਜਾਈ ਅਜੇ ਵੀ ਜਾਰੀ ਹੈ। ਹੁਣ ਵੇਖਣਾ ਇਹ ਹੈ ਕਿ ਸਬੰਧਤ ਵਿਭਾਗ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕਦੋਂ ਤੇ ਕਿਹੜੇ ਕਦਮ ਚੁੱਕਦਾ ਹੈ।