ਭਾਰੀ ਮੀਂਹ ਨੇ ਕਣਕ ਦੀ ਮੰਡੀ ਵਿੱਚ ਸ਼ੁਰੂ ਹੋਈ ਆਮਦ ਰੋਕੀ, ਫੜਾਂ ਵਿੱਚ ਖੜਾ ਬਾਰਿਸ਼ ਦਾ ਪਾਣੀ

ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਵਿਛੀ, ਕਿਸਾਨਾਂ ’ਚ ਨਿਰਾਸ਼ਾ
ਭਾਰੀ ਮੀਂਹ ਨੇ ਕਣਕ ਦੀ ਆਮਦ ਰੋਕੀ, ਫੜਾਂ ’ਚ ਖੜ੍ਹਾ ਪਾਣੀ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਮੌਸਮ ਦੇ ਵਾਰ-ਵਾਰ ਬਦਲਦੇ ਮਿਜ਼ਾਜ਼ ਨੇ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਵਾਢੀ ’ਤੇ ਵੀ ਵੱਡਾ ਅਸਰ ਪਾਇਆ ਹੈ। ਕਟਾਈ ਲਈ ਤਿਆਰ ਕਣਕ ਦੀ ਫਸਲ ’ਤੇ ਮੀਂਹ ਕਾਰਨ ਜਿਥੇ ਕਟਾਈ ਪ੍ਰਭਾਵਿਤ ਹੋਈ ਹੈ, ਉਥੇ ਮੁੱਖ ਦਾਣਾ ਮੰਡੀ ਵਿਚ ਸ਼ੁਰੂ ਹੋਈ ਕਣਕ ਦੀ ਆਮਦ ਨੂੰ ਵੀ ਬਰੇਕਾਂ ਲੱਗ ਗਈਆਂ ਹਨ। ਮੁੱਖ ਦਾਣਾ ਮੰਡੀ ਵਿਚ ਪਿਛਲੇ ਦੋ ਦਿਨਾਂ ਤੋਂ ਕਣਕ ਦੀ ਆਮਦ ਸ਼ੁਰੂ ਹੋਈ ਸੀ ਤੇ ਹਰੇਕ ਵਰਗ ਕਿਸਾਨ, ਆੜਤੀਏ ਤੇ ਮਜ਼ਦੂਰ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ ਪਰ ਮੌਸਮ ਦੇ ਸਵੇਰੇ ਬਦਲੇ ਮਿਜ਼ਾਜ਼ ਕਾਰਨ ਕਿਸਾਨਾਂ ਨੂੰ ਮੰਡੀ ਵਿਚ ਲਿਆਂਦੀ ਫਸਲ ਨੂੰ ਤਰਪਾਲਾਂ ਨਾਲ ਢਕਣਾ ਪਿਆ। ਤਰਪਾਲਾਂ ਨਾਲ ਢਕਣ ਦੇ ਬਾਵਜੂਦ ਵੀ ਫੜਾਂ ਦੀ ਸਫਾਈ ਤੇ ਗੰਦਗੀ ਕਾਰਨ ਨੀਵੇਂ ਥਾਵਾਂ ਵਿਚ ਪਾਣੀ ਫੜਾਂ ਵਿਚ ਖੜ੍ਹਾ ਹੋ ਗਿਆ ਹੈ ਜੋ ਫਸਲ ਨੂੰ ਵੀ ਪ੍ਰਭਾਵਿਤ ਕਰੇਗਾ। ਮੀਂਹ ਨਾਲ ਕਣਕ ਵਿਚ ਨਮੀ ਵਧੇਗੀ, ਜਿਸ ਨੂੰ ਫਿਰ ਸਰਕਾਰੀ ਰੇਟ ’ਤੇ ਵੇਚਣਾ ਮੁਸ਼ਕਿਲ ਹੋਵੇਗਾ। ਕਿਸਾਨ ਬਚਿੱਤਰ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ ਨੇ ਕਿਹਾ ਕਿ ਪਤਾ ਨਹੀਂ ਕੁਦਰਤ ਦਾ ਕਿਸਾਨੀ ਤੋਂ ਕਿਉਂ ਮੋਹ ਭੰਗ ਹੋ ਗਿਆ ਹੈ। ਪਿਛਲੇ ਇਕ ਸਾਲ ਤੋਂ ਲਗਾਤਾਰ ਫਸਲ ਦੀ ਖਰਾਬੀ ਤੇ ਸਹੀ ਰੇਟ ਨਾ ਮਿਲਣ ਕਾਰਨ ਕਿਸਾਨ ਪਹਿਲਾਂ ਹੀ ਨਿਰਾਸ਼ਾ ਦੇ ਆਲਮ ਵਿਚ ਹੈ ਪਰ ਹੁਣ ਬੇਮੌਸਮੀ ਬਾਰਿਸ਼ ਨੇ ਕਣਕ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਾ ਦਿੱਤਾ ਹੈ।
ਮੀਂਹ ਤੇ ਹਨੇਰੀ ਨਾਲ ਕਣਕ ਦੀ ਫਸਲ ’ਤੇ ਪਵੇਗਾ ਅਸਰ-
ਸਵੇਰ ਤੋਂ ਹੋ ਰਹੀ ਬਾਰਿਸ਼ ਤੇ ਚੱਲੀਆਂ ਤੇਜ਼ ਹਵਾਵਾਂ ਨਾਲ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ ਤੇ ਬਹੁਤ ਸਾਰੇ ਖੇਤਾਂ ਵਿਚ ਕਣਕ ਦੀ ਫਸਲ ਪੂਰੀ ਤਰ੍ਹਾਂ ਨਾਲ ਵਿਛ ਚੁੱਕੀ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਿਚ ਹੋਰ ਵਾਧਾ ਕੀਤਾ ਹੈ। ਸਮੁੱਚੇ ਇਲਾਕੇ ਵਿਚ ਸਵੇਰ ਤੋਂ ਰੁਕ-ਰੁਕ ਕੇ ਹੋਈ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਲਈ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਕਈ ਪਿੰਡਾਂ ਵਿਚ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ ਜ਼ਮੀਨ ’ਤੇ ਪੂਰੀ ਤਰ੍ਹਾਂ ਨਾਲ ਵਿਛ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਪਰ ਅਚਾਨਕ ਆਈਆਂ ਤੇਜ਼ ਹਵਾਵਾਂ ਤੇ ਬਾਰਿਸ਼ ਨਾਲ ਬਹੁਤ ਸਾਰੇ ਖੇਤਾਂ ਵਿਚ ਕਣਕ ਦੀ ਖੜ੍ਹੀ ਫਸਲ ਡਿੱਗ ਪਈ ਹੈ, ਜਿਸ ਨਾਲ ਕਣਕ ਦਾ ਦਾਣਾ ਸੁੰਗੜ ਗਿਆ ਹੈ ਤੇ ਇਸ ਦਾ ਝਾੜ ਵੀ ਵੱਡੇ ਪੱਧਰ ’ਤੇ ਘਟ ਸਕਦਾ ਹੈ। ਪੂਰੀ ਤਰ੍ਹਾਂ ਨਾਲ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ ਦੀ ਕਟਾਈ ਦਾ ਕੰਮ ਕੁਝ ਥਾਵਾਂ ’ਤੇ ਸ਼ੁਰੂ ਹੋ ਗਿਆ ਸੀ ਜੋ ਮੀਂਹ ਕਾਰਨ ਹੋਰ ਲੇਟ ਹੋ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜੇ ਹਾਲੇ ਵੀ ਮੀਂਹ ਨਾ ਰੁਕਿਆ ਤਾਂ ਇਸ ਦਾ ਆਉਣ ਵਾਲੇ ਸਮੇਂ ਵਿਚ ਵੱਡਾ ਪ੍ਰਭਾਵ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਹਰੇਕ ਵਰਗ ਦੀ ਸਾਰੇ ਸਾਲ ਦੀ ਰੋਟੀ ਇਸੇ ਕਣਕ ਦੀ ਫਸਲ ’ਤੇ ਨਿਰਭਰ ਕਰਦੀ ਹੈ ਤੇ ਇਸ ਤੋਂ ਇਲਾਵਾ ਪਸ਼ੂਆਂ ਲਈ ਵੀ ਸਾਰਾ ਸਾਲ ਦੀ ਤੂੜੀ ਕਣਕ ਤੋਂ ਤਿਆਰ ਹੋਣੀ ਹੈ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀ ਮੀਂਹ ਤੇ ਹਨੇਰੀ ਨਾਲ ਫਸਲ ਵਿਛ ਕੇ ਖਰਾਬ ਹੋ ਗਈ ਹੈ ਉਸ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਜਾਰੀ ਕੀਤਾ ਜਾਵੇ।