ਨਡਾਲਾ ‘ਚ ਗੜੇਮਾਰੀ ਨਾਲ ਕਣਕ ਦੀ ਫਸਲ ਨੂੰ ਨੁਕਸਾਨ
ਨਡਾਲਾ ਇਲਾਕੇ ‘ਚ ਤੇਜ਼ ਬਰਸਾਤ ਤੇ ਗੜੇਮਾਰੀ ਨਾਲ ਕਣਕ ਦੀ ਫਸਲ ਨੂੰ ਨੁਕਸਾਨ
Publish Date: Mon, 16 Mar 2026 09:11 PM (IST)
Updated Date: Mon, 16 Mar 2026 09:13 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਕਸਬਾ ਨਡਾਲਾ ਤੇ ਇਸਦੇ ਨੇੜਲੇ ਪਿੰਡਾਂ ਵਿਚ ਸੋਮਵਾਰ ਸਵੇਰੇ ਪਈ ਤੇਜ਼ ਬਰਸਾਤ ਤੇ ਗੜੇਮਾਰੀ ਕਾਰਨ ਕਣਕ ਦੀ ਖੜ੍ਹੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਣ ਦੀਆਂ ਖਬਰਾਂ ਮਿਲੀਆਂ ਹਨ। ਤੇਜ਼ ਹਵਾਵਾਂ ਦੇ ਨਾਲ ਹੋਈ ਗੜੇਮਾਰੀ ਕਾਰਨ ਕਈ ਖੇਤਾਂ ਵਿਚ ਕਣਕ ਦੀ ਫਸਲ ਹੇਠਾਂ ਵਿਛ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਉਪਜ ਘਟਣ ਦਾ ਖਤਰਾ ਬਣ ਗਿਆ ਹੈ। ਕਿਸਾਨਾਂ ਮੁਤਾਬਕ ਕੁੱਝ ਖੇਤਾਂ ਵਿਚ ਕਣਕ ਦੇ ਸਿੱਟੇ ਵੀ ਟੁੱਟ ਗਏ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਫਸਲ ਪੱਕਣ ਦੇ ਨੇੜੇ ਹੋਣ ਕਰਕੇ ਗੜੇਮਾਰੀ ਤੇ ਤੇਜ਼ ਹਵਾਵਾਂ ਦਾ ਪ੍ਰਭਾਵ ਵੱਧ ਪੈਂਦਾ ਹੈ। ਇਸ ਸਬੰਧੀ ਕਿਸਾਨ ਯੂਨੀਅਨ ਨਡਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ, ਨਵਜਿੰਦਰ ਸਿੰਘ ਬੱਗਾ ਕੋਚ ਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਭਾਵੇਂ ਇਹ ਬਰਸਾਤ ਕਣਕ ਦੀ ਫਸਲ ਲਈ ਕੁਝ ਹੱਦ ਤੱਕ ਲਾਹੇਵੰਦ ਸਾਬਤ ਹੋ ਸਕਦੀ ਹੈ, ਪਰ ਤੇਜ਼ ਹਵਾਵਾਂ ਤੇ ਗੜੇਮਾਰੀ ਕਾਰਨ ਕਈ ਥਾਵਾਂ ‘ਤੇ ਫਸਲ ਨੂੰ ਨੁਕਸਾਨ ਵੀ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਈ ਗਰਮੀ ਕਣਕ ਦੀ ਫਸਲ ਲਈ ਹਾਨੀਕਾਰਕ ਸਾਬਤ ਹੋ ਰਹੀ ਸੀ, ਜਿਸ ਕਾਰਨ ਝਾੜ ਘੱਟ ਨਿਕਲਣ ਦਾ ਡਰ ਬਣ ਗਿਆ ਸੀ ਪਰ ਤਾਜ਼ਾ ਬਰਸਾਤ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ ਤੇ ਉਨ੍ਹਾਂ ਦੇ ਚਿਹਰਿਆਂ ‘ਤੇ ਮੁੜ ਰੌਣਕ ਪਰਤੀ ਹੈ।