कपूरथला-जिलेभर में बारिश-आंधी का कहर: गेहूं बिछी, आलू डूबे, किसानों पर दोहरी मार
ਪੂਰੇ ਜ਼ਿਲ੍ਹੇ ’ਚ ਮੀਂਹ-ਹਨੇਰੀ
Publish Date: Sun, 29 Mar 2026 10:42 PM (IST)
Updated Date: Sun, 29 Mar 2026 10:45 PM (IST)

ਪੂਰੇ ਜ਼ਿਲ੍ਹੇ ’ਚ ਮੀਂਹ-ਹਨੇਰੀ ਦਾ ਕਹਿਰ, ਕਣਕ ਵਿਛੀ, ਆਲੂ ਡੁੱਬੇ ਕਿਸਾਨਾਂ ’ਤੇ ਦੋਹਰੀ ਮਾਰ, ਮੰਡ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਨੁਕਸਾਨ ਨਰੇਸ਼ ਕਦ, ਜਾਗਰਣ ਕਪੂਰਥਲਾ : ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਆਏ ਤੇਜ਼ ਮੀਂਹ ਤੇ ਹਨੇਰੀ ਨੇ ਪੂਰੇ ਜ਼ਿਲ੍ਹੇ ’ਚ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਕਟਾਈਦੇ ਬਿਲਕੁੱਲ ਨੇੜੇ ਪਹੁੰਚ ਚੁੱਕੀ ਕਣਕ ਦੀ ਫਸਲ ਜਿਥੇ ਕਈ ਇਲਾਕਿਆਂ ’ਚ ਜ਼ਮੀਨ ’ਤੇ ਵਿਛ ਗਈ, ਉਥੇ ਆਲੂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਅਚਾਨਕ ਬਦਲੇ ਮੌਸਮ ਨੇ ਜ਼ਿਲ੍ਹੇ ਦੇ ਦਿਹਾਤੀ ਇਲਾਕਿਆਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਵੱਡਾ ਅਸਰ ਪਾਇਆ ਹੈ, ਜਿਸ ਨਾਲ ਕਿਸਾਨਾਂ ’ਚ ਭਾਰੀ ਚਿੰਤਾ ਤੇ ਨਿਰਾਸ਼ਾ ਦਾ ਮਾਹੌਲ ਹੈ। ਖੇਤੀ ਮਾਹਰਾਂ ਅਨੁਸਾਰ ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕਣ ਦੀ ਹਾਲਤ ’ਚ ਸੀ ਤੇ ਅਗਲੇ ਕੁਝ ਦਿਨਾਂ ’ਚ ਵਾਢੀ ਸ਼ੁਰੂ ਹੋਣੀ ਸੀ ਪਰ ਤੇਜ਼ ਹਵਾਵਾਂ ਦੇ ਨਾਲ ਪਏ ਮੀਂਹ ਨੇ ਫਸਲ ਨੂੰ ਡੇਗ ਦਿੱਤਾ, ਜਿਸ ਨਾਲ ਝਾੜ ਘੱਟ ਹੋਣ ਦਾ ਖਦਸ਼ਾ ਵਧ ਗਿਆ ਹੈ। ਕਈ ਜਗ੍ਹਾ ਖੇਤਾਂ ’ਚ ਪਾਣੀ ਭਰਨ ਨਾਲ ਹਾਲਤ ਹੋਰ ਗੰਭੀਰ ਹੋ ਗਈ ਹੈ, ਜਿਸ ਨਾਲ ਕਟਾਈ ’ਚ ਦੇਰੀ ਤੇ ਨੁਕਸਾਨ ਦੋਵੇਂ ਵਧ ਸਕਦੇ ਹਨ। ਜ਼ਿਲ੍ਹੇ ਦੇ ਬਿਆਸ ਦਰਿਆ ਦੇ ਮੰਡ ਇਲਾਕੇ ’ਚ ਹਲਾਤ ਸਭ ਤੋਂ ਵੱਧ ਖਰਾਬ ਦੱਸੇ ਜਾ ਰਹੇ ਹਨ। ਇਥੇ ਹਾਲ ਹੀ ’ਚ ਜਿਨ੍ਹਾਂ ਖੇਤਾਂ ’ਚ ਪਾਣੀ ਦਿੱਤਾ ਗਿਆ ਸੀ, ਉਥੇ ਫਸਲ ਦੇ ਡਿੱਗਣ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗਿੱਲੀ ਮਿੱਟੀ ਤੇ ਤੇਜ਼ ਹਵਾਵਾਂ ਕਾਰਨ ਫਸਲ ਜੜ੍ਹਾਂ ਸਮੇਤ ਝੁਕ ਗਈ ਹੈ, ਜਿਸ ਨਾਲ ਸਿੱਧਾ ਝਾੜ ’ਤੇ ਅਸਰ ਪਵੇਗਾ। ਸਥਾਨਕ ਕਿਸਾਨ ਨੰਬਰਦਾਰ ਕਰਮਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਘੁੱਗ, ਨੰਬਰਦਾਰ ਸੁਖਵਿੰਦਰ ਸਿੰਘ ਬੌਬੀ, ਹਰੀ ਸਿੰਘ ਢਿੱਲੋਂ ਤੇ ਸਰਪੰਚ ਤੇ ਬਲਾਕ ਸਮਿਤੀ ਨਡਾਲਾ ਦੇ ਚੇਅਰਮੈਨ ਜਗਤਾਰ ਸਿੰਘ ਧਾਲੀਵਾਲ (ਹੈਪੀ) ਨੇ ਦੱਸਿਆ ਕਿ ਮੰਡ ਇਲਾਕਿਆਂ ਦੇ ਨਾਲ-ਨਾਲ ਜ਼ਿਲ੍ਹੇ ਦੇ ਹੋਰ ਮੈਦਾਨੀ ਇਲਾਕਿਆਂ ’ਚ ਵੀ ਕਣਕ ਦੀ ਫਸਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੀਤੀ ਗਈ ਮਿਹਨਤ ਤੇ ਖਰਚਾ ਪੂਰੀ ਤਰ੍ਹਾਂ ਇਸ ਫਸਲ ’ਤੇ ਨਿਰਭਰ ਸੀ ਪਰ ਬੈਮੌਸਮੀ ਮੀਂਹ ਨੇ ਸਾਰੀਆਂ ਉਮੀਦਾਂ ਨੂੰ ਝਟਕਾ ਦੇ ਦਿੱਤਾ ਹੈ। ਦੂਜੇ ਪਾਸੇ ਆਲੂ ਦੀ ਫਸਲ ਵੀ ਇਸ ਕੁਦਰਤ ਦੀ ਮਾਰ ਤੋਂ ਨਹੀਂ ਬਚ ਸਕੀ। ਕਈ ਸਥਾਨਾਂ ’ਤੇ ਖੇਤਾਂ ’ਚ ਪਾਣੀ ਭਰਨ ਨਾਲ ਆਲੂ ਦੀ ਪੁਟਾਈ ਰੁਕ ਗਈ ਹੈ ਤੇ ਪਹਿਲਾਂ ਤੋਂ ਪੁੱਟੇ ਹੋਏ ਆਲੂ ਵੀ ਖਰਾਬ ਹੋਣ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਆਲੂ ਦੀ ਫਸਲ ਨੂੰ ਸਮੇਂ ’ਤੇ ਕੱਢਣਾ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਮੀਂਹ ਕਾਰਨ ਇਹ ਸੰਭਵ ਨਹੀਂ ਹੋ ਪਾ ਰਿਹਾ ਹੈ, ਜਿਸ ਨਾਲ ਗੁਣਵੱਤਾ ਖਰਾਬ ਹੋਣ ਤੇ ਬਾਜ਼ਾਰ ’ਚ ਘੱਟ ਕੀਮਤ ਮਿਲਣ ਦਾ ਖ਼ਤਰਾ ਹੈ। ਪਿੰਡ ਚਕੋਕੀ ਦੇ ਕਿਸਾਨ ਰਣਧੀਰ ਸਿੰਘ ਧਾਲੀਵਾਲ ਜੋ ਲਗਪਗ 40 ਏਕੜ ’ਚ ਖੇਤੀ ਕਰਦੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਤਿਆਰ ਸੀ ਤੇ ਕਟਾਈ ਲਈ ਸਿਰਫ ਕੁਝ ਦਿਨ ਹੀ ਬਾਕੀ ਸੀ ਪਰ ਅਚਾਨਕ ਆਏ ਮੀਂਹ ਨੇ ਖੇਤਾਂ ’ਚ ਫਸਲ ਵਿਛਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਆਲੂ ਦੀ ਫਸਲ ’ਚ ਵੀ ਪਾਣੀ ਭਰਨ ਨਾਲ ਨੁਕਸਾਨ ਹੋਇਆ ਹੈ, ਜਿਸ ਨਾਲ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੂਰੇ ਸਾਲ ਦੀ ਮਿਹਨਤ ਤੇ ਆਰਥਿਕ ਨਿਵੇਸ਼ ਇਨ੍ਹਾਂ ਫਸਲਾਂ ’ਤੇ ਟਿਕਿਆ ਹੋਇਆ ਸੀ। ਅਜਿਹੇ ’ਚ ਅਚਾਨਕ ਆਏ ਮੀਂਹ ਤੇ ਹਨੇਰੀ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ। ਕਈ ਕਿਸਾਨਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਇਸ ਵਾਰ ਝਾੜ ’ਚ ਭਾਰੀ ਗਿਰਾਵਟ ਆਏਗੀ, ਜਿਸ ਨਾਲ ਉਨ੍ਹਾਂ ਦੀ ਆਮਦਨੀ ’ਤੇ ਸਿੱਧਾ ਅਸਰ ਪਵੇਗਾ•। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਇਲਾਕਿਆਂ ਦਾ ਤੁਰੰਤ ਸਰਵੇ ਕਰਵਾਇਆ ਜਾਵੇ ਤੇ ਨੁਕਸਾਨ ਦਾ ਸਹੀ ਜਾਇਜ਼ਾ ਲੈ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ’ਤੇ ਮਦਦ ਨਾ ਮਿਲੀ ਤਾਂ ਜ਼ਿਲ੍ਹੇ ਦੇ ਕਈ ਕਿਸਾਨ ਆਰਥਿਕ ਸੰਕਟ ’ਚ ਫਸ ਸਕਦੇ ਹਨ। ਫਿਲਹਾਲ ਪੂਰੇ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਦੇ ਮੌਸਮ ਤੇ ਸਰਕਾਰ ਦੀਆਂ ਰਾਹਤ ਨੀਤੀਆਂ ’ਤੇ ਟਿਕੀਆਂ ਹੋਈਆਂ ਹਨ। ਜੇ ਮੌਸਮ ਨੇ ਮੁੜ ਕਰਵਟ ਬਦਲੀ ਤਾਂ ਨੁਕਸਾਨ ਹੋਰ ਵੀ ਵਧ ਸਕਦਾ ਹੈ। ਅਜਿਹੇ ’ਚ ਕਿਸਾਨ ਤੇ ਪ੍ਰਸ਼ਾਸਨ ਦੋਵੇਂ ਹੀ ਸਾਵਧਾਨ ਨਜ਼ਰ ਆ ਰਹੇ ਹਨ।