ਪਿੰਡ ਅੱਲੂਵਾਲ ’ਚ ਗੜੇਮਾਰੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ
ਪਿੰਡ ਅੱਲੂਵਾਲ ’ਚ ਗੜੇਮਾਰੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ
Publish Date: Thu, 09 Apr 2026 08:47 PM (IST)
Updated Date: Thu, 09 Apr 2026 08:50 PM (IST)

ਕਿਸਾਨਾਂ ਨੇ ਜਲਦ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਕੀਤੀ ਮੰਗ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਾਮ ਲਗਭਗ 5 ਵਜੇ ਦੇ ਕਰੀਬ ਪਿੰਡ ਅੱਲੂਵਾਲ ਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਗੜੇਮਾਰੀ ਹੋਈ, ਜੋ ਕਰੀਬ 20 ਮਿੰਟ ਤੱਕ ਬਾਰਿਸ਼ ਨਾਲ ਜਾਰੀ ਰਹੀ। ਇਸ ਬੇਮੌਸਮੀ ਆਫ਼ਤ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਗੜੇਮਾਰੀ ਨੇ ਜਿਥੇ ਪੱਕੀ ਹੋਈ ਕਣਕ ਦਾ ਨੁਕਸਾਨ ਕੀਤਾ, ਉੱਥੇ ਪਸ਼ੂਆਂ ਦੇ ਚਾਰੇ ਲਈ ਲਗਾਈ ਗਈ ਬਰਸੀਮ ਦੀ ਫਸਲ ਨੂੰ ਵੀ ਲਗਭਗ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਝੋਨੇ ਦੀ ਫਸਲ ਹੜ੍ਹਾਂ ਕਾਰਨ ਬਰਬਾਦ ਹੋ ਗਈ ਸੀ, ਜਿਸ ਦਾ ਮੁਆਵਜ਼ਾ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ। ਹੁਣ ਇਸ ਨਵੀਂ ਆਫ਼ਤ ਨੇ ਕਿਸਾਨਾਂ ਨੂੰ ਹੋਰ ਵੱਡੀ ਮੁਸ਼ਕਲ ਵਿਚ ਧੱਕ ਦਿੱਤਾ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਲੂਵਾਲ ਪਿੰਡ ਦੇ ਕਿਸਾਨ ਅਜੇ ਤੱਕ ਪਿਛਲੇ ਨੁਕਸਾਨ ਦਾ ਇਕ ਪੈਸਾ ਵੀ ਨਹੀਂ ਲੈ ਸਕੇ ਤੇ ਹੁਣ ਫਿਰ ਫਸਲਾਂ ਦੀ ਤਬਾਹੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੁੱਗਣਾ ਕਰ ਦਿੱਤਾ ਹੈ। ਅਧਿਆਪਕ ਆਗੂ ਹਰਵਿੰਦਰ ਸਿੰਘ ਅੱਲੂਵਾਲ, ਰਘਬੀਰ ਸਿੰਘ ਆਗੂ ਕਿਰਤੀ ਕਿਸਾਨ ਯੂਨੀਅਨ, ਰਛਪਾਲ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ, ਗੁਰਮੀਤ ਸਿੰਘ ਆਦਿ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਮੌਕੇ ਦਾ ਜਾਇਜ਼ਾ ਲੈ ਕੇ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ ਤੇ ਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਦਿੱਤਾ ਜਾਵੇ।