ਸਿਹਤ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ : ਡਾ. ਭਗਤ
ਸਿਹਤ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ: ਡਾ. ਸੰਜੀਵ ਭਗਤ
Publish Date: Tue, 07 Apr 2026 09:34 PM (IST)
Updated Date: Tue, 07 Apr 2026 09:38 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਤਾਂ ਜੋ ਮਨੁੱਖਤਾ ਨੂੰ ਦਰਪੇਸ਼ ਆ ਰਹੀਆਂ ਸਿਹਤ ਸਮੱਸਿਆਵਾਂ ਵੱਲ ਧਿਆਨ ਖਿੱਚਿਆ ਜਾ ਸਕੇ। ਉਨ੍ਹਾਂ ਕਿਹਾ ਕਿ 7 ਅਪ੍ਰੈਲ ਦਾ ਦਿਨ ਪੂਰੀ ਮਨੁੱਖਤਾ ਨੂੰ ਆਪਣੀ ਸਭ ਤੋਂ ਵੱਡੀ ਪੂੰਜੀ ਸਿਹਤ ਬਾਰੇ ਸੋਚਣ ਦਾ ਮੌਕਾ ਦਿੰਦਾ ਹੈ। ਸਾਲ 1948 ਚ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਹੋਈ ਸੀ ਤੇ ਉਦੋਂ ਤੋਂ ਹੀ ਇਹ ਦਿਨ ਸਿਹਤ ਪ੍ਰਤੀ ਜਾਗਰੂਕਤਾ ਦਾ ਪ੍ਰਤੀਕ ਬਣ ਗਿਆ। ਇਸ ਸਾਲ ਦਾ ਥੀਮ ‘ਸਿਹਤ ਲਈ ਇਕਜੁੱਟ : ਵਿਗਿਆਨ ਦੇ ਨਾਲ ਖੜ੍ਹੋ’ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਹ ਵਿਸ਼ਾ ਸਾਨੂੰ ਦੱਸਦਾ ਹੈ ਕਿ ਜਦੋਂ ਦੁਨੀਆ ਭਿਆਨਕ ਬਿਮਾਰੀਆਂ ਤੇ ਸਿਹਤ ਸੰਕਟਾਂ ਨਾਲ ਘਿਰੀ ਹੋਵੇ ਤਾਂ ਸਿਰਫ਼ ਵਿਗਿਆਨਕ ਤੱਥ ਤੇ ਆਪਸੀ ਏਕਤਾ ਹੀ ਸਾਨੂੰ ਬਚਾ ਸਕਦੀ ਹੈ। ਵਿਸ਼ਵ ਸਿਹਤ ਦਿਵਸ ਸਾਨੂੰ ਨਵੀਂ ਸਵੇਰ ਦਾ ਸੱਦਾ ਦੇ ਰਿਹਾ ਹੈ। ‘ਸਿਹਤ ਲਈ ਇਕਜੁੱਟ : ਵਿਗਿਆਨ ਦੇ ਨਾਲ ਖੜ੍ਹੋ’ ਸਿਰਫ ਇਕ ਨਾਅਰਾ ਨਹੀਂ ਸਗੋਂ ਜਿਊਣ ਦਾ ਤਰੀਕਾ ਹੈ। ਜੇ ਅਸੀਂ ਵਿਗਿਆਨਕ ਸੋਚ ਨੂੰ ਆਪਣੀ ਢਾਲ ਬਣਾਵਾਂਗੇ ਤੇ ਆਪਸੀ ਸਹਿਯੋਗ ਨੂੰ ਆਪਣੀ ਸ਼ਕਤੀ, ਤਾਂ ਹੀ ਅਸੀਂ ਅਜਿਹਾ ਸਮਾਜ ਸਿਰਜ ਸਕਾਂਗੇ, ਜੋ ਨਾ ਸਿਰਫ਼ ਬਿਮਾਰੀਆਂ ਤੋਂ ਮੁਕਤ ਹੋਵੇਗਾ ਸਗੋਂ ਮਾਨਸਿਕ ਤੇ ਸਮਾਜਿਕ ਤੌਰ ਤੇ ਵੀ ਖੁਸ਼ਹਾਲ ਹੋਵੇਗਾ। ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਚ ਅਸੀਂ ਆਪਣੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਨਹੀਂ ਕਰ ਰਹੇ, ਜਿਸ ਕਾਰਨ ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੁੱਖ ਲਗਾਉਣ ਦੀ ਥਾਂ ਅਸੀਂ ਇਨ੍ਹਾਂ ਨੂੰ ਕੱਟ ਰਹੇ ਹਾਂ, ਜਿਸ ਦਾ ਹੀ ਇਹ ਨਤੀਜਾ ਹੈ ਕਿ ਸਾਡਾ ਹਵਾ ਤੇ ਪਾਣੀ ਪੂਰੀ ਤਰ੍ਹਾਂ ਦੁਸ਼ਿਤ ਹੋ ਚੁੱਕੇ ਹਨ।