ਹਰਜੀ ਮਾਨ ਨੇ ਸ਼ੋਭਾ ਯਾਤਰਾ ਦੇ ਰੂਟ ਦਾ ਲਿਆ ਜਾਇਜ਼ਾ
ਹਰਜੀ ਮਾਨ ਨੇ ਸ਼ੋਭਾ ਯਾਤਰਾ ਦੇ ਰੂਟ ਦਾ ਲਿਆ ਜਾਇਜ਼ਾ
Publish Date: Thu, 12 Feb 2026 06:54 PM (IST)
Updated Date: Thu, 12 Feb 2026 06:57 PM (IST)
ਫਗਵਾੜਾ : ਸ਼ਿਵ ਸੈਨਾ ਪੰਜਾਬ ਵੱਲੋਂ ਸਮੂਹ ਸਨਾਤਨ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ 13 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਜਾਈ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਗਵਾੜਾ ਹਰਜੀਮਾਨ ਨੇ ਸ਼ੋਭਾ ਯਾਤਰਾ ਦੇ ਰੂਟ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਆਪ ਪਾਰਟੀ ਆਗੂਆਂ ਗੁਰਦੀਪ ਸਿੰਘ ਦੀਪਾ, ਅਮਰਿੰਦਰ ਸਿੰਘ ਸੈਨੀ ਅਤੇ ਬੋਬੀ ਚਮ ਦੀ ਹਾਜ਼ਰੀ ਵਿਚ ਸ਼ੋਭਾ ਯਾਤਰਾ ਦੇ ਮੁੱਖ ਆਯੋਜਕ ਸ਼ਿਵ ਸੈਨਾ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਇਸ ਧਾਰਮਿਕ ਆਯੋਜਨ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪ੍ਰਸ਼ਾਸਨਿਕ ਪੱਧਰ 'ਤੇ ਨਹੀਂ ਆਉਣ ਦਿੱਤੀ ਜਾਵੇਗੀ। ਸਫ਼ਾਈ ਸਮੇਤ ਹੋਰ ਸਾਰੇ ਲੋੜੀਂਦੇ ਪ੍ਰਬੰਧ ਵੀਰਵਾਰ ਤੱਕ ਪੂਰੇ ਕਰ ਲਏ ਜਾਣਗੇ।
ਇਸ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਪ੍ਰਦੇਸ਼ ਉਪ ਪ੍ਰਧਾਨ ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਪ੍ਰਦੇਸ਼ ਪ੍ਰਵਕਤਾ ਵਿਪਨ ਸ਼ਰਮਾ ਅਤੇ ਸਿਟੀ ਪ੍ਰਧਾਨ ਅੰਕੁਰ ਬੇਦੀ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ 'ਤੇ ਸੰਤੁਸ਼ਟੀ ਜਤਾਈ। ਕਰਵਲ ਅਤੇ ਪਲਟਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਦਾ ਸ਼ੁਭ ਆਰੰਭ 13 ਫਰਵਰੀ ਦਿਨ ਸ਼ੁੱਕਰਵਾਰ ਦੁਪਹਿਰ 2 ਵਜੇ ਸ਼੍ਰੀ ਠਾਕੁਰਦੁਆਰਾ ਪ੍ਰਾਚੀਨ ਸ਼ਿਵ ਮੰਦਰ ਸਰਾਏ ਰੋਡ ਫਗਵਾਰਾ ਤੋਂ ਕੀਤਾ ਜਾਵੇਗਾ। ਇਹ ਯਾਤਰਾ ਸਿਨੇਮਾ ਰੋਡ, ਸੈਂਟ੍ਰਲ ਟਾਊਨ, ਮੰਡੀ ਰੋਡ, ਗਾਂਧੀ ਚੌਂਕ, ਬੰਗਾ ਰੋਡ, ਬਾਂਸਾਵਾਲਾ ਬਾਜ਼ਾਰ, ਗਊਸ਼ਾਲਾ ਬਾਜ਼ਾਰ ਆਦਿ ਰਾਹੀਂ ਹੁੰਦੀ ਹੋਈ ਮੁੜ ਸ਼ੁਰੂਆਤੀ ਸਥਾਨ 'ਤੇ ਸਮਾਪਤ ਹੋਵੇਗੀ।
ਸ਼ੋਭਾ ਯਾਤਰਾ ਵਿਚ ਭਗਵਾਨ ਸ਼ਿਵ ਜੀ, ਮਾਤਾ ਪਾਰਵਤੀ, ਸ਼੍ਰੀ ਗਣੇਸ਼ ਜੀ, ਨੰਦੀ ਮਹਾਰਾਜ ਸਮੇਤ ਹੋਰ ਦੇਵੀ-ਦੇਵਤਿਆਂ ਦੀਆਂ ਸੁੰਦਰ ਝਾਂਕੀਆਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੀਆਂ। ਸ਼ਹਿਰ ਭਰ ਵਿਚ ਸ਼ੋਭਾ ਯਾਤਰਾ ਦੇ ਸਵਾਗਤ ਲਈ ਧਾਰਮਿਕ ਤੇ ਸਮਾਜਿਕ ਸੰਗਠਨਾਂ ਤੇ ਮਾਰਕੀਟ ਕਮੇਟੀਆਂ ਵੱਲੋਂ ਵੱਖ-ਵੱਖ ਕਿਸਮ ਦੇ ਪਕਵਾਨਾਂ ਦੇ ਲੰਗਰ ਲਗਾਏ ਜਾਣਗੇ। ਸ਼ਾਮ ਨੂੰ ਸ਼ੋਭਾ ਯਾਤਰਾ ਦੀ ਸਮਾਪਤੀ 'ਤੇ ਸ਼੍ਰੀ ਕਮਲ ਅਰੋੜਾ ਤੇ ਸਿੱਧਾਰਥ ਅਰੋੜਾ ਸਹਿਯੋਗੀਆਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕਰਨਗੇ।
ਇਸ ਮੌਕੇ ਸਿਨੇਮਾ ਰੋਡ ਮਾਰਕੀਟ ਕਮੇਟੀ ਦੇ ਪ੍ਰਧਾਨ ਹਰਬੰਸ ਲਾਲ, ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਆਗੂ ਬੱਬੂ ਚੋਪੜਾ, ਅਸ਼ਵਨੀ ਸ਼ਰਮਾ, ਨਰਿੰਦਰ ਨਿੰਦੀ, ਦਿਨੇਸ਼ ਬਾਂਸਲ, ਸੁਨੀਲ ਜਲੋਟਾ, ਰਾਜਿੰਦਰ ਵਰਮਾ ਆਦਿ ਹਾਜ਼ਰ ਸਨ।