ਹਰਜੀ ਮਾਨ ਨੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ
ਹਰਜੀ ਮਾਨ ਨੇ ਪਿੰਡ ਵਜੀਦੋਵਾਲ ਵਿਖੇ 13.80 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ
Publish Date: Thu, 26 Mar 2026 08:34 PM (IST)
Updated Date: Thu, 26 Mar 2026 08:38 PM (IST)
ਪਿੰਡ ਵਜੀਦੋਵਾਲ ਵਿਖੇ 13.80 ਲੱਖ ਰੁਪਏ ਦੀ ਲਾਗਤ ਨਾਲ ਹੋਣਗੇ ਵਿਕਾਸ ਕਾਰਜ
ਫਗਵਾੜਾ : ਪਿੰਡ ਵਜੀਦੋਵਾਲ ਦੀ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਈ ਗ੍ਰਾਂਟ ਦੇ ਨਾਲ ਸਰਪੰਚ ਰਿੰਪਲ ਕੁਮਾਰ ਵਜੀਦੋਵਾਲ ਦੀ ਅਗਵਾਈ ਹੇਠ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ, ਜਿਨ੍ਹਾਂ ਦੇ ਉਦਘਾਟਨ ਦੀ ਰਸਮ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਵੱਲੋਂ ਕੀਤੀ ਗਈ। ਉਨ੍ਹਾਂ ਦੇ ਨਾਲ ਬਲਾਕ ਸੰਮਤੀ ਮੈਂਬਰ ਅਜੇ ਕੁਮਾਰ ਖਜੂਰਲਾ ਤੋਂ ਇਲਾਵਾ ਸਪੋਕਸਪਰਸਨ ਸੁਮਨ ਸ਼ਰਮਾ, ਆਗਿਆਪਾਲ ਸਿੰਘ ਖਲਵਾੜਾ ਤੇ ਗੁਰਸ਼ਰਨ ਸਿੰਘ ਉਚੇਰੇ ਤੌਰ ’ਤੇ ਮੌਜੂਦ ਰਹੇ। ਹਰਜੀ ਮਾਨ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਵਿਰੋਧੀ ਧਿਰਾਂ ਤੋਂ ਪੰਜਾਬ ਦਾ ਵਿਕਾਸ ਬਰਦਾਸ਼ਤ ਨਹੀਂ ਹੋ ਰਿਹਾ, ਜਿਸ ਕਰਕੇ ਉਹ ਕਿਸੇ ਨਾ ਕਿਸੇ ਬਹਾਨੇ ਸਰਕਾਰ ਨੂੰ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਵਿਕਾਸ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਕਰਵਾਇਆ ਗਿਆ ਹੈ, ਉਹ ਆਪਣੇ-ਆਪ ਵਿਚ ਇਕ ਰਿਕਾਰਡ ਹੈ। ਸਰਪੰਚ ਰਿੰਪਲ ਕੁਮਾਰ ਵਜੀਦੋਵਾਲ ਨੇ ਦੱਸਿਆ ਕਿ ਪੰਚਾਇਤ ਨੂੰ ਕਰੀਬ 13.80 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ, ਜਿਸ ਨਾਲ ਕੂੜਾ ਸਾਂਭਣ ਲਈ ਡੰਪ ਬਣਾਏ ਜਾਣਗੇ, ਵਾਟਰ ਸਪਲਾਈ ਦੇ ਅਧੂਰ ਕੰਮ ਨੂੰ ਪੂਰਾ ਕਰਵਾਇਆ ਜਾਵੇਗਾ, ਧਰਮਸ਼ਾਲਾ ਵਾਲੀ ਸੜਕ ਨੂੰ ਇੰਟਰਲਾਕ ਟਾਇਲਾਂ ਨਾਲ ਤਿਆਰ ਕੀਤਾ ਜਾਵੇਗਾ ਤੇ ਛੱਪੜ ਦੀ ਸਾਫ-ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਵਿਕਾਸ ਦੇ ਸਾਰੇ ਹੀ ਕੰਮ ਪੂਰੀ ਪਾਰਦਰਸ਼ਿਤਾ ਨਾਲ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਗ੍ਰਾਂਟ ਲਈ ਹਲਕਾ ਇੰਚਾਰਜ ਹਰਜੀ ਮਾਨ ਤੋਂ ਇਲਾਵਾ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਪੰਚਾਇਤ ਸਕੱਤਰ ਮਲਕੀਤ ਚੰਦ, ਆਪ ਪਾਰਟੀ ਦੇ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਸੈਣੀ, ਪੰਚਾਇਤ ਮੈਂਬਰ ਪੰਡਿਤ ਅਸ਼ੋਕ ਕੁਮਾਰ, ਸੰਜੀਵ ਕੁਮਾਰ, ਨਰਿੰਦਰ ਪਾਲ, ਸਰਬਜੀਤ ਕੌਰ, ਮਾਤਾ ਚਿੰਤਪੁਰਨੀ ਮੰਦਿਰ ਦੇ ਪ੍ਰਧਾਨ ਰਾਜਕੁਮਾਰ, ਮਨਜੀਤ ਲਾਲ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ, ਰਵੀ ਦੱਤ, ਸ਼ਿਵ ਕੁਮਾਰ, ਚਮਨ ਲਾਲ, ਬਲਿਹਾਰ ਲਾਲ, ਸੋਹਨ ਲਾਲ, ਗੌਰਵ ਸ਼ਰਮਾ, ਸੋਨੀਆ ਰਾਣੀ, ਸੁਨੀਤਾ ਰਾਣੀ, ਸੀਮਾ, ਬੀਬੀ ਸੱਤਿਆ, ਬੀਬੀ ਨਿੰਜੋ, ਹਰਦੀਪ ਮਾਨ ਮੇਹਟ, ਬਲਵਿੰਦਰ ਕੌਰ ਤੇ ਸੰਤੋਸ਼ ਰਾਣੀ ਆਦਿ ਹਾਜ਼ਰ ਸਨ।