ਹਰਦੀਪ ਸਿੰਘ ਨੇ ਗੁੜ੍ਹ ਬਣਾ ਕੇ ਵੇਚਣ ਨੂੰ ਮੁੱਖ ਸਹਾਇਕ ਕਿੱਤਾ ਬਣਾਇਆ
ਹਰਦੀਪ ਸਿੰਘ ਨੇ ਗੁੜ੍ਹ ਬਣਾ ਕੇ ਵੇਚਣ ਨੂੰ ਮੁੱਖ ਸਹਾਇਕ ਕਿੱਤਾ ਬਣਾਇਆ
Publish Date: Tue, 10 Mar 2026 07:59 PM (IST)
Updated Date: Tue, 10 Mar 2026 08:00 PM (IST)

ਅਕਾਲ ਗੁੜ ਪਲਾਂਟ ’ਤੇ ਹੱਥੋਂ-ਹੱਥ ਵਿਕਦਾ ਗੁੜ-ਸ਼ੱਕਰ : ਹਰਦੀਪ ਸਿੰਘ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਗੁੜ ਦੀ ਖਪਤ ਵਧਣ ਕਾਰਨ ਕਿਸਾਨਾਂ ਦੁਆਰਾ ਗੁੜ, ਸ਼ੱਕਰ ਬਣਾ ਕੇ ਵੇਚਣ ਦਾ ਰੁਝਾਨ ਵਧਿਆ ਹੈ। ਇਸ ਰੁਝਾਨ ਦੇ ਚੱਲਦਿਆਂ ਅਗਾਂਹਵਧੂ ਨੌਜਵਾਨ ਕਿਸਾਨ ਹਰਦੀਪ ਸਿੰਘ ਪਿੰਡ ਥੇਹਵਾਲਾ, ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵੱਲੋਂ ਵੀ ਆਪਣਾ ਗੁੜ ਤਿਆਰ ਕਰਨ ਲਈ ਅਕਾਲ ਗੁੜ ਪਲਾਂਟ ਲਗਾਇਆ ਗਿਆ, ਜਿਸ ’ਤੇ ਰੋਜ਼ਾਨਾ ਵੱਡੀ ਮਿਕਦਾਰ ਵਿਚ ਸਾਫ-ਸੁਥਰਾ ਤੇ ਸੁਆਦੀ ਗੁੜ ਤਿਆਰ ਕੀਤਾ ਜਾਂਦਾ ਹੈ। ਇਸ ਮੌਕੇ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਅਕਾਲ ਗੁੜ ਪਲਾਂਟ ਥੇਹਵਾਲਾ (ਬੂਲਪੁਰ) ਵਿਖੇ ਗੁੜ ਤਿਆਰ ਕਰਨ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ, ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਤੇ ਸਾਡੇ ਵੱਲੋਂ ਤਿਆਰ ਕੀਤਾ ਗੁੜ ਤੇ ਸ਼ੱਕਰ ਹੱਥੋਂ-ਹੱਥ ਵਿਕਦਾ ਹੈ। ਉਨ੍ਹਾਂ ਦੱਸਿਆ ਕਿ ਮਿਆਰੀ ਗੁੜ ਦਾ ਹਲਕਾ ਰੰਗ, ਸਖਤਪਣ, ਚੰਗਾ ਰਵੇਦਾਰ, ਸੁਆਦ ’ਚ ਮਿਠਾਸ, ਸੁਗੰਧੀਦਾਰ ਤੇ ਲੰਬੇ ਸਮੇਂ ਤੱਕ ਸਾਂਭਣਯੋਗ ਆਦਿ ਦੇ ਗੁਣ ਹੋਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਹੁਣ ਬਹੁਤ ਸਾਰੇ ਲੋਕ ਗੁੜ ਤੇ ਸ਼ੱਕਰ ਵਰਤਣ ਵਾਲੇ ਪਾਸੇ ਨੂੰ ਮੁੜ ਆਏ ਹਨ ਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਗੁੜ ਵਿਚ ਸੌਂਫ, ਸੁੰਢ, ਮੂੰਗਫਲੀ, ਬਦਾਮ, ਕਾਜੂ ਤੇ ਤਿਲ ਪਾ ਕੇ ਹੋਰ ਵੀ ਸੁਆਦੀ ਬਣਾਇਆ ਜਾਂਦਾ ਹੈ। ਟੁਕੜੀਆਂ ਦੇ ਰੂਪ ਵਿਚ ਤਿਆਰ ਕੀਤਾ ਗਿਆ ਗੁੜ ਬੜੇ ਚਾਅ ਨਾਲ ਖਾਦਾ ਜਾਂਦਾ ਹੈ, ਜੋ ਅੱਜ ਕੱਲ ਦੀਆਂ ਬਾਜ਼ਾਰੀ ਮਠਿਆਈਆਂ ਨੂੰ ਮਾਤ ਪਾਉਂਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਜਿਥੇ ਬਿਨਾਂ ਕਿਸੇ ਮਿਲਾਵਟ ਦੇ ਵਧੀਆ ਕੁਆਲਿਟੀ ਦਾ ਦੇਸੀ ਗੁੜ ਤਿਆਰ ਕੀਤਾ ਜਾਂਦਾ ਹੈ, ਉਥੇ ਹੀ ਉਨ੍ਹਾਂ ਵੱਲੋਂ ਸ਼ੱਕਰ ਵੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਗਾਹਕ ਇਕ ਵਾਰ ਖਰੀਦਣ ਤੋਂ ਬਾਅਦ ਦੁਬਾਰਾ ਫਿਰ ਲੈਣ ਵਾਸਤੇ ਸਾਡੇ ਕੋਲ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਖੁਦ ਆਪਣਾ ਗੰਨਾ ਲਿਆ ਕੇ ਕੋਲ ਖੜ੍ਹੇ ਹੋ ਕੇ ਬਿਨਾਂ ਕੈਮੀਕਲ ਦੇ ਦੇਸੀ ਗੁੜ ਤਿਆਰ ਕਰਵਾ ਸਕਦੇ ਹਨ। ਨੌਜਵਾਨ ਸਹਾਇਕ ਧੰਦੇ ਅਪਨਾਉਣ : ਹਰਦੀਪ ਸਿੰਘ ਅਗਾਂਹਵਧੂ ਨੌਜਵਾਨ ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਆਪਣੇ ਦੇਸ਼ ਤੇ ਸੂਬੇ ਵਿਚ ਨਾ ਰਹਿ ਕੇ ਸਗੋਂ ਬਾਹਰਲੇ ਦੇਸ਼ਾਂ ਵੱਲ ਨੂੰ ਵੱਡੀ ਗਿਣਤੀ ਵਿਚ ਕੂਚ ਕਰ ਰਹੇ ਹਨ ਪਰ ਉਨ੍ਹਾਂ ਵੱਲੋਂ ਹੁਣ ਹੱਥੀਂ ਮਿਹਨਤ ਕਰਨ ਦਾ ਪ੍ਰਣ ਲੈਂਦਿਆਂ ਗੰਨੇ ਦੀ ਪਿੜਾਈ ਕਰ ਕੇ ਅਕਾਲ ਗੁੜ ਪਲਾਂਟ ’ਤੇ ਸ਼ੁੱਧ ਦੇਸੀ ਗੁੜ ਤਿਆਰ ਕਰਕੇ ਵੇਚਣਾ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਵਧੀਆ ਆਮਦਨ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਧ ਗੁੜ ਦੀ ਡਿਮਾਂਡ ਜ਼ਿਆਦਾ ਹੋਣ ਕਾਰਨ ਉਹ ਪੂਰਾ ਗੁੜ ਤਿਆਰ ਨਹੀਂ ਕਰ ਪਾ ਰਹੇ। ਆਉਣ ਵਾਲੇ ਸਮੇਂ ਵਿਚ ਉਹ ਜ਼ਿਆਦਾ ਗੰਨੇ ਦੀ ਬਿਜਾਈ ਕਰਨਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਦੇ ਪਾਏ ਪੂਰਨਿਆਂ ’ਤੇ ਚਲਦੇ ਹੋਏ ਆਪਣੀ ਕਿਸਾਨੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਨੂੰ ਹੋਰ ਵਧਾਉਣ। ਸਾਨੂੰ ਗੁੜ ਅਤੇ ਸ਼ੱਕਰ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ : ਡਾ. ਜਸਪਾਲ ਸਿੰਘ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਗੁੜ ਬਣਾਉਣ ਵਾਲੇ ਵੇਲਣਿਆਂ ’ਤੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਕੈਮੀਕਲਾਂ ਦੀ ਵਰਤੋਂ ਨਾ ਕੀਤੀ ਜਾਵੇ ਤੇ ਸਾਫ-ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਗੁੜ ਤੇ ਸ਼ੱਕਰ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਗੁੜ ਵਿਟਾਮਿਨ ਏ ਤੇ ਵਿਟਾਮਿਨ ਬੀ ਦਾ ਵਧੀਆ ਸਰੋਤ ਹੈ। ਸਦੀਆਂ ਤੋਂ ਮਿੱਠੇ ਪਕਵਾਨਾਂ ਦਾ ਸਵਾਦ ਵਧਾਉਣ ਵਾਲਾ ਗੁੜ ਹੁਣ ਸੁਪਰਫੂਡ ਦੀ ਸ਼੍ਰੇਣੀ ਵਿਚ ਆ ਗਿਆ ਹੈ। ਗੁੜ ਦੀ ਵਰਤੋਂ ਨਾ ਸਿਰਫ ਮਿੱਠੇ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ, ਸਗੋਂ ਇਸ ਦੇ ਸਿਹਤ ਨੂੰ ਲਾਭ ਵੀ ਹੁੰਦੇ ਹਨ। ਗੁੜ ਇਕ ਸ਼ਾਨਦਾਰ ਊਰਜਾ ਬੂਸਟਰ ਹੈ, ਜੋ ਮਾਸਪੇਸ਼ੀਆਂ ਵਿਚ ਤਾਕਤ ਭਰਨ ਦਾ ਕੰਮ ਕਰਦਾ ਹੈ। ਉਨਾਂ ਨੇ ਗੁੜ (ਸੂਪਰ ਫੂਡ) ਦੇ ਹੋਰ ਫਾਇਦਿਆਂ ਬਾਰੇ ਦੱਸਿਆ ਤੇ ਕਿਹਾ ਕਿ ਗੁੜ ਖਾਣ ਨਾਲ ਅਨੀਮੀਆ ਤੋਂ ਛੁਟਕਾਰਾ ਮਿਲਦਾ ਹੈ। ਗੁੜ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਜੋ ਅਨੀਮੀਆ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਗੁੜ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ। ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਗੁੜ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਗੁੜ ਵਿਚ ਸੁਕਰੇਜ਼ ਹੁੰਦਾ ਹੈ, ਜੇ ਭੋਜਨ ਨੂੰ ਹਜ਼ਮ ਕਰਨ ਤੇ ਕਬਜ਼ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਉਨਾਂ ਦੱਸਿਆ ਕਿ ਗੁੜ ਵਧੀਆ ਊਰਜਾ ਦਾ ਸਰੋਤ ਹੈ ਤੇ ਚੀਨੀ ਦੀ ਬਜਾਏ ਗੁੜ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ।