ਸਵਰਗੀ ਬਲਵੰਤ ਸਿੰਘ ਦੀ ਬਰਸੀ ਮੌਕੇ ਕਵਾਇਆ ਗੁਰਮਤਿ ਸਮਾਗਮ
ਸਵਰਗੀ ਬਲਵੰਤ ਸਿੰਘ ਦੀ ਬਰਸੀ ਮੌਕੇ ਕਵਾਇਆ ਗੁਰਮਤਿ ਸਮਾਗਮ
Publish Date: Thu, 29 Jan 2026 06:57 PM (IST)
Updated Date: Thu, 29 Jan 2026 06:58 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੇ ਪ੍ਰਸਿਧ ਕਵੀ ਤੇ ਰਚਨਾਕਾਰ ਸਵ. ਬਲਵੰਤ ਸਿੰਘ ਜੀ ਤੇ ਉਨ੍ਹਾ ਦੇ ਧਰਮ ਪਤਨੀ ਸਵ. ਹਰਬੰਸ ਕੌਰ ਜੀ ਦੀ ਸਲਾਨਾ ਬਰਸੀ ਉਨ੍ਹਾਂ ਦੇ ਗ੍ਰਹਿ ਅਸਥਾਨ ਭੁਪਿੰਦਰਾ ਅਸਟੇਟ ਫਗਵਾੜਾ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਭਾਈ ਜਗਜੀਤ ਸਿੰਘ ਜੀ ਜਥੇਦਾਰ ਅੰਮ੍ਰਿਤ ਪ੍ਰਚਾਰ ਸੰਗਤ ਵੱਲੋਂ ਗੁਰਬਾਣੀ ਦੇ ਵਿਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ, ਕੌਂਸਲਰ ਸ਼ੁਸ਼ੀਲ਼ ਮੈਣੀ, ਕੌਂਸਲਰ ਚਿਰੰਜੀਲਾਲ ਕਾਲਾ, ਨਰੇਸ਼ ਭਾਰਦਵਾਜ, ਵਿਨੋਦ ਵਰਮਾਨੀ, ਸੁਖਪਾਲ ਸਿੰਘ ਬਿਣਿੰਗ, ਇੰਸਪੈਕਟਰ ਅਮਰਜੀਤ ਸਿੰਘ, ਡੀਐੱਸਪੀ ਬੰਗਾ ਹਰਜੀਤ ਸਿੰਘ, ਇਕਬਾਲ ਸਿੰਘ ਪਰਮਾਰ, ਰਣਜੀਤ ਸਿੰਘ ਚੇਤਨ ਸਿੰਘ ਨੇ ਸਵ. ਬਲਵੰਤ ਸਿੰਘ ਦੇ ਸਪੁੱਤਰ ਸ਼ਰਨਜੀਤ ਸਿੰਘ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਵ. ਬਲਵੰਤ ਸਿੰਘ ਵੱਲੋਂ ਲਿਖੀਆਂ ਰਚਨਾਵਾਂ ਉਨ੍ਹਾਂ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਉਹ ਇਕ ਬਹੁਤ ਹੀ ਨਿਮਰ ਦਿਲ, ਸਾਰਿਆਂ ਨਾਲ ਅਦਬ ਨਾਲ ਗੱਲ ਕਰਨ ਤੇ ਹਰ ਇਕ ਦੇ ਦੁੱਖ-ਸੁੱਖ ਵਿਚ ਖੜੇ ਹੋਣ ਲਈ ਜਾਣੇ ਜਾਂਦੇ ਸਨ। ਸਵ. ਬਲਵੰਤ ਸਿੰਘ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਅਨੇਕਾਂ ਹੀ ਰਚਨਾਵਾਂ ਲਿਖੀਆਂ ਗਈਆਂ, ਜੋ ਕਿ ਹਮੇਸ਼ਾ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣਗੀਆਂ। ਇਸ ਮੌਕੇ ਸ਼ਰਨਜੀਤ ਸਿੰਘ ਸਮੇਤ ਸਮੁੱਚਾ ਪਰਿਵਾਰ ਹਾਜ਼ਰ ਸੀ। ਅੰਤ ਵਿਚ ਹੈੱਡ ਗ੍ਰੰਥੀ ਭਾਈ ਗੁਰਕਾਰਜ ਵੱਲੋਂ ਪਰਿਵਾਰ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।