ਭਾਰਤ ’ਚ ਭ੍ਰਿਸ਼ਟਾਚਾਰ ਜ਼ਮੂਹਰੀਅਤ ਲਈ ਗੰਭੀਰ ਖ਼ਤਰਾ : ਅੰਤਿਮ ਖੋਸਲਾ
ਭਾਰਤ ਵਿੱਚ ਭ੍ਰਿਸ਼ਟਾਚਾਰ ਦੀਆਂ ਵੱਧ ਰਹੀਆਂ ਜੜਾਂ, ਜ਼ਮੂਹਰੀਅਤ ਲਈ ਗੰਭੀਰ ਖ਼ਤਰਾ-ਅੰਤਿਮ ਖੋਸਲਾ
Publish Date: Fri, 03 Apr 2026 09:41 PM (IST)
Updated Date: Fri, 03 Apr 2026 09:43 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤ ਵਿਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਜਿਸ ਕਦਰ ਵਧ ਤੇ ਫੈਲ ਰਹੀਆਂ ਹਨ, ਉਹ ਸਾਡੀ ਜ਼ਮੂਹਰੀਅਤ ਲਈ ਗੰਭੀਰ ਖ਼ਤਰਾ ਹਨ। ਇਹ ਪ੍ਰਗਟਾਵਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਅੰਤਿਮ ਖੋਸਲਾ ਨੇ ਗੱਲਬਾਤ ਕਰਦਿਆਂ ਕੀਤਾ। ਅੰਤਿਮ ਖੋਸਲਾ ਨੇ ਕਿਹਾ ਕਿ ਪਹਿਲਾਂ ਇਸ ਸਮਾਜਿਕ ਅਲਸਰ ਦਾ ਜ਼ਹਿਰ ਸਰਕਾਰੀ ਕਰਮਚਾਰੀਆਂ ਤੇ ਕੁਝ ਨਿੱਜੀ ਅਦਾਰਿਆਂ ਤੱਕ ਹੀ ਸੀਮਤ ਸੀ, ਪ੍ਰੰਤੂ ਪਿਛਲੇ ਕੁੱਝ ਦਹਾਕਿਆਂ ਤੋਂ ਇਸ ਨੇ ਸਾਡੇ ਨੇਤਾਵਾਂ ਭਾਵ ਸਮਾਜਿਕ ਠੇਕੇਦਾਰਾਂ ਨੂੰ ਵੀ ਕਲਾਵੇ ਵਿਚ ਲੈ ਲਿਆਂ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਰਥੀ ਭ੍ਰਿਸ਼ਟਾਚਾਰ ਦੇ ਸਾਰੇ ਹੱਦ-ਬੰਨ੍ਹੇ ਹੀ ਟੱਪ ਗਏ ਹਨ। ਇਹ ਨੇਤਾ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ ਲਾਲਚ ਤੇ ਤ੍ਰਿਸ਼ਨਾ ਵੱਸ ਇਹ ਪਾਰਟੀ ਦੀ ਮਾਣ-ਮਰਿਆਦਾ ਤੇ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਣੋਂ ਵੀ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਹਰ ਥਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹਰ ਪਾਸੇ ਕਰੋੜਾਂ-ਅਰਬਾਂ ਦੇ ਘਪਲੇ ਹੋ ਰਹੇ ਹਨ, ਹੇਰਾਫੇਰੀਆਂ ਕਰ ਕੇ ਨਾਜਾਇਜ਼ ਕੰਮ ਕੀਤੇ ਜਾ ਰਹੇ ਹਨ ਪਰ ਇਹ ਸਾਰਾ ਬੋਝ ਆਮ ਜਨਤਾ ’ਤੇ ਹੀ ਪਾਇਆ ਜਾਂਦਾ ਹੈ। ਵੱਡੇ-ਵੱਡੇ ਅਫ਼ਸਰਾਂ, ਮੰਤਰੀਆਂ ਦੀਆਂ ਜੇਬਾਂ ਭਰਨ ਲਈ ਭ੍ਰਿਸ਼ਟਾਚਾਰ ਰੂਪੀ ਜੋਕ ਰਾਹੀਂ ਗ਼ਰੀਬਾਂ ਦਾ ਖ਼ੂਨ ਚੂਸਿਆ ਜਾਂਦਾ ਹੈ। ਅੱਜ ਸਾਡੇ ਦੇਸ਼ ਵਿਚ ਸਦਾਚਾਰ ਦੀ ਥਾਂ ਭ੍ਰਿਸ਼ਟਾਚਾਰ ਨੇ ਮੱਲ ਲਈ ਹੈ। ਹਰ ਕੋਈ ਜਲਦੀ ਹੀ ਬਿਨਾਂ ਹੱਥੀਂ ਕਿਰਤ ਕੀਤਿਆਂ ਕਰੋੜਪਤੀ ਬਣਨਾ ਚਾਹੁੰਦਾ ਹੈ। ਉਸ ਨੂੰ ਪੈਸਾ ਇਕੱਠਾ ਕਰਨ ਲਈ ਭਾਵੇਂ ਕਿੰਨੇ ਹੀ ਜਾਇਜ਼ ਨਾਜਾਇਜ਼ ਢੰਗ-ਤਰੀਕੇ ਕਿਉਂ ਨਾ ਅਪਣਾਉਣੇ ਪੈਣ। ਹਰ ਖੇਤਰ ਵਿਚ ਉਹ ਭਾਵੇਂ ਸਰਕਾਰੀ ਹੋਵੇ ਜਾਂ ਗ਼ੈਰ-ਸਰਕਾਰੀ, ਹੱਦੋਂ-ਵੱਧ ਬੇਨਿਯਮੀਆਂ ਹੋ ਰਹੀਆਂ ਹਨ। ਅੱਜ ਰਿਸ਼ਵਤਾਂ, ਸਿਫ਼ਾਰਸ਼ਾਂ ਨਾਲ ਲੋਕ ਦੁਰਾਚਾਰੀ ਤੇ ਭ੍ਰਿਸ਼ਟ ਬਣਦੇ ਜਾ ਰਹੇ ਹਨ। ਦੇਸ਼ ਵਿਚ ਚਪੜਾਸੀ ਤੋਂ ਲੈ ਕੇ ਮੰਤਰੀਆਂ ਤੱਕ ਰਿਸ਼ਵਤ ਦਾ ਬੋਲਬਾਲਾ ਹੈ। ਹਰ ਪਾਸੇ ਕਰੋੜਾਂ-ਅਰਬਾਂ ਦੇ ਘਪਲੇ ਹੋ ਰਹੇ ਹਨ। ਅੱਜ ਜੇਕਰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਦੇਸ਼ ਇਹੋ ਜਿਹੇ ਹਨ ਜਿਥੇ ਭ੍ਰਿਸ਼ਟਾਚਾਰ ਨੇ ਪੈਰ ਪਸਾਰੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਭ੍ਰਿਸ਼ਟਾਚਾਰ ਇਕ ਅਜਿਹਾ ਮੁੱਦਾ ਬਣ ਚੁੱਕਾ ਹੈ ਜੋ ਕੇਂਦਰੀ, ਰਾਜ ਤੇ ਸਥਾਨਕ ਸਰਕਾਰਾਂ ਅਦਾਰਿਆਂ ਦੀ ਆਰਥਿਕਤਾ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਭਾਰਤ ਦੀ ਅਰਥਵਿਵਸਥਾ ਨੂੰ ਠੱਪ ਕਰਨ ਲਈ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਜੇ ਸਿਸਟਮ ਦੀ ਦੇਣ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅੰਤਿਮ ਖੋਸਲਾ ਨੇ ਕਿਹਾ ਕਿ ਪ੍ਰਤੀ ਦਿਨ ਵੇਖਣ, ਪੜਨ ਤੇ ਸੁਣਨ ਨੂੰ ਮਿਲਦਾ ਹੈ ਕਿ ਭ੍ਰਿਸ਼ਟ ਨੇਤਾਵਾਂ ਤੇ ਕਰਮਚਾਰੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ, ਪ੍ਰੰਤ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਜਦੋ ਭ੍ਰਿਸ਼ਟਾਚਾਰ ਵਿਰੁੱਧ ਕਾਨੂੰਨ ਬਣਾਉਣ ਵਾਲੇ ਹੀ ਇਸ ਦੀਆਂ ਧੱਜੀਆਂ ਉਡਾਉਣ ਤੇ ਤੁਲ ਜਾਣ ਤਾਂ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਕਲਪਨਾ ਕਰਨਾ ਕੋਰੀ ਮੂਰਖਤਾ ਹੈ। ਅੰਤਿਮ ਖੋਸਲਾ ਨੇ ਕਿਹਾ ਭ੍ਰਿਸ਼ਟਾਚਾਰ ਨੂੰ ਨਕੇਲ ਪਾਏ ਬਿਨਾਂ ਦੇਸ਼ ਦੇ ਵਿਕਾਸ ਤੇ ਖੁਸ਼ਹਾਲੀ ਦਾ ਸੁਪਨਾ ਵੇਖਣਾ ਬੇਅਰਥ ਹੈ। ਸਾਡੇ ਦੇਸ਼ ਦਾ ਹਰ ਅੰਗ ਇਸ ਮਾਰੂ ਰੋਗ ਦਾ ਸ਼ਿਕਾਰ ਹੈ, ਜਿਹੜਾ ਕਿ ਸਾਡੇ ਦੇਸ਼ ਦਾ ਪ੍ਰਮੁੱਖ ਦੁਸ਼ਮਣ ਹੈ। ਉਨ੍ਹਾਂ ਕਿਹਾ ਸਮਾਜ ਸੁਧਾਰਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਅਤੇ ਇਕ ਉੱਚ ਪੱਧਰੀ ਕਮੇਟੀ ਵੀ ਨਿਯੁਕਤ ਕੀਤੀ ਗਈ ਸੀ, ਪ੍ਰੰਤੂ ਉਸ ਦੀ ਕਾਰਵਾਈ ਕਾਗਜ਼ਾਂ ਵਿਚ ਹੀ ਸਿਮਟ ਕੇ ਰਹਿ ਗਈ। ਜ਼ਰੂਰਤ ਹੈ ਕਿ ਇਸ ਘਾਤਕ ਤੇ ਮਾਰੂ ਰੋਗ ਦਾ ਉਪਚਾਰ ਕਿਵੇਂ ਸੰਭਵ ਹੋ ਸਕੇ।