ਲੋਹੜੀ ਦੀ ਸੰਤਾਂ-ਮਹਾਪੁਰਸ਼ਾਂ ਤੇ ਸੰਗਤਾਂ ਨੂੰ ਦਿੱਤੀ ਵਧਾਈ
ਲੋਹੜੀ ਦੇ ਤਿਉਹਾਰ ਮੌਕੇ ਸੰਤਾ ਮਹਾਪੁਰਸ਼ਾ ਤੇ ਸੰਗਤਾਂ ਨੂੰ ਦਿਤੀ ਵਧਾਈ।
Publish Date: Sat, 10 Jan 2026 07:38 PM (IST)
Updated Date: Sat, 10 Jan 2026 07:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲੋਹੜੀ ਦੇ ਪਾਵਨ ਤਿਉਹਾਰ ਮੌਕੇ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਮੁੱਖ ਸੰਚਾਲਕ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਹੜੀ ਖੁਸ਼ਹਾਲੀ, ਸਾਂਝ, ਭਾਈਚਾਰੇ ਅਤੇ ਖੇਤੀਬਾੜੀ ਨਾਲ ਜੁੜਿਆ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਸੀ ਪ੍ਰੇਮ, ਸਦਭਾਵਨਾ ਅਤੇ ਏਕਤਾ ਦਾ ਸੁਨੇਹਾ ਦਿੰਦਾ ਹੈ। ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਹੈ ਅਤੇ ਇਹ ਨਵੀਂ ਫਸਲ ਦੀ ਆਮਦ ’ਤੇ ਕਿਸਾਨਾਂ ਦੀ ਮਿਹਨਤ ਦਾ ਪ੍ਰਤੀਕ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਲੋਹੜੀ ਨੂੰ ਸਾਦਗੀ ਨਾਲ ਮਨਾਇਆ ਜਾਵੇ ਅਤੇ ਗਰੀਬਾਂ, ਲੋੜਵੰਦਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ। ਸੰਤਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿਚ ਭਾਗੀਦਾਰ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲੜਕੀਆਂ ਦੀ ਲੋਹੜੀ ਪਾਉਣ ਦੇ ਕੀਤੇ ਜਾ ਰਹੇ ਉਪਰਾਲੇ ਨਾਲ ਸਮਾਜ ਦੀ ਸੋਚ ਹੁਣ ਬਦਲ ਰਹੀ ਹੈ, ਜੋ ਕਿ ਇਕ ਚੰਗੀ ਗੱਲ ਹੈ। ਇਸ ਤਿਉਹਾਰ ਨੂੰ ਮਨਾਉਣ ਸਮੇਂ ਧੀਆਂ ਅਤੇ ਪੁੱਤਰਾਂ ਦਾ ਫਰਕ ਨਹੀਂ ਕਰਨਾ ਚਾਹੀਦਾ। ਪਿਛਲੀ ਸਦੀ ਤੱਕ ਪੁੱਤਰ ਦੇ ਵਿਆਹ ਜਾਂ ਘਰ ਵਿਚ ਲੜਕੇ ਦੇ ਜਨਮ ਸਮੇਂ ਹੀ ਪਰਿਵਾਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਲੋਹੜੀ ਮਨਾਈ ਜਾਂਦੀ ਸੀ ਜਦਕਿ ਧੀਆਂ ਦੇ ਜਨਮ ਨੂੰ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ ਪਰ ਮੌਜੂਦਾ ਸਦੀ ਦੇ ਆਰੰਭ ਤੋਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇਸ ਸਮਾਜਿਕ ਕੁਰੀਤੀ ਦੇ ਖਿਲਾਫ ਧੀਆਂ ਦੀ ਲੋਹੜੀ ਪਾ ਕੇ ਜੋ ਆਵਾਜ਼ ਬੁਲੰਦ ਕੀਤੀ ਗਈ ਹੈ, ਉਹ ਅਸਰ ਦਿਖਾਉਂਦੀ ਨਜ਼ਰ ਆਉਣ ਲੱਗ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ ਤੇ ਇਸ ਤਿਉਹਾਰ ਨਾਲ ਕਈ ਲੋਕ ਕਥਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਲੋਹੜੀ ਦੇ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਦੇਸ਼ ਅਤੇ ਰਾਜ ਵਿਚ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ।