ਆਨੰਦ ਪਬਲਿਕ ਸਕੂਲ ’ਚ ਖੁੱਲ੍ਹਿਆ ਬੋਟੈਨੀਕਲ ਗਾਰਡਨ
ਆਨੰਦ ਪਬਲਿਕ ਸਕੂਲ ’ਚ ਬੋਟੈਨਿਕਲ ਗਾਰਡਨ ਤੇ ਸਕੂਲ ਬੈਂਡ ਦਾ ਸ਼ਾਨਦਾਰ ਉਦਘਾਟਨ
Publish Date: Mon, 20 Apr 2026 06:59 PM (IST)
Updated Date: Mon, 20 Apr 2026 07:03 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਸਿੱਖਿਆ ਦੇ ਖੇਤਰ ਵਿਚ ਇਕ ਹੋਰ ਵਧੀਆ ਕਦਮ ਚੁੱਕਦਿਆਂ ਆਪਣੇ ਸਕੂਲ ਵਿਚ ਨਵਾਂ ਬੋਟੈਨਿਕਲ ਗਾਰਡਨ ਸ਼ੁਰੂ ਕੀਤਾ। ਇਸਦੇ ਨਾਲ ਹੀ ਸਕੂਲ ਬੈਂਡ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਮੈਨੇਜਿੰਗ ਕਮੇਟੀ ਵੱਲੋਂ ਐਮ.ਡੀ. ਸ਼੍ਰੀ ਵਿਕਰਮ ਆਨੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਸਕੂਲ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ, ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਤੇ ਰਵਿੰਦਰ ਕੌਰ ਸੇਖੋਂ ਵੱਲੋਂ ਕੀਤਾ ਗਿਆ। ਉਦਘਾਟਨ ਤੋਂ ਬਾਅਦ ਮਹਿਮਾਨਾਂ ਨੇ ਗਾਰਡਨ ਦਾ ਦੌਰਾ ਕੀਤਾ ਤੇ ਵੱਖ-ਵੱਖ ਕਿਸਮ ਦੇ ਔਸ਼ਧੀ, ਸਜਾਵਟੀ ਤੇ ਪਰਿਆਵਰਨ ਲਈ ਲਾਭਦਾਇਕ ਪੌਧਿਆਂ ਬਾਰੇ ਜਾਣਕਾਰੀ ਲਈ। ਇਹ ਗਾਰਡਨ ਬੱਚਿਆਂ ਲਈ ਇਕ “ਲਿਵਿੰਗ ਲੈਬ” ਵਾਂਗ ਕੰਮ ਕਰੇਗਾ, ਜਿਥੇ ਉਹ ਪ੍ਰੈਕਟਿਕਲ ਤਰੀਕੇ ਨਾਲ ਸਿੱਖ ਸਕਣਗੇ। ਇਸਦੇ ਨਾਲ ਹੀ ਸਕੂਲ ਬੈਂਡ ਦਾ ਵੀ ਉਦਘਾਟਨ ਕੀਤਾ ਗਿਆ। ਮੈਡਮ ਭਾਵਨਾ ਲਤਾ ਨੇ ਬੱਚਿਆਂ ਨੂੰ ਬਹੁਤ ਮਿਹਨਤ ਨਾਲ ਤਿਆਰ ਕੀਤਾ, ਜਿਸ ਦਾ ਨਤੀਜਾ ਉਨ੍ਹਾਂ ਦੀ ਸ਼ਾਨਦਾਰ ਤੇ ਅਨੁਸ਼ਾਸਿਤ ਪ੍ਰਸਤੁਤੀ ਵਿਚ ਵੇਖਣ ਨੂੰ ਮਿਲਿਆ। ਇਸ ਮੌਕੇ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਆਪਣੀਆਂ ਸ਼ੁਭਕਾਮਨਾਵਾਂ ਭੇਜਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਦੇ ਹੋਲਿਸਟਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਨਿਰਮਲ ਜੋਤੀ, ਨੇਹਾ ਜੋਸ਼ੀ, ਲਵਲੀਨ, ਕਰੁਣਾ, ਬਬੀਤਾ, ਪੂਜਾ ਡਾਬਰ ਤੇ ਭਾਵਨਾ ਲਤਾ ਸਮੇਤ ਸਕੂਲ ਦਾ ਸਾਰਾ ਸਟਾਫ ਮੌਜੂਦ ਸੀ।