ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਅਨਾਜ ਮੰਡੀਆਂ : ਭਾਰਦਵਾਜ
ਅੱਜ ਤੋਂ ਅਨਿਸ਼ਚਿਤ ਸਮੇਂ ਲਈ ਬੰਦ ਰਹਿਣਗੀਆਂ ਅਨਾਜ ਮੰਡੀਆਂ : ਨਰੇਸ਼ ਭਾਰਦਵਾਜ
Publish Date: Tue, 31 Mar 2026 10:43 PM (IST)
Updated Date: Tue, 31 Mar 2026 10:46 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੀ ਇਕ ਐਮਰਜੈਂਸੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਹੋਈ। ਇਸ ਵਿਚ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ‘ਤੇ 1 ਅਪ੍ਰੈਲ ਤੋਂ ਫਗਵਾੜਾ ਦੀਆਂ ਸਾਰੀਆਂ ਅਨਾਜ ਮੰਡੀਆਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ 16 ਮਾਰਚ ਨੂੰ ਮੱਖੂ ਮੰਡੀ (ਫਿਰੋਜ਼ਪੁਰ) ਵਿਚ ਫੈੱਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿਚ ਜਨਰਲ ਇਜਲਾਸ ਬੁਲਾਇਆ ਗਿਆ ਸੀ। ਇਸ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਸੀ ਕਿ ਜੇਕਰ ਪੰਜਾਬ ਤੇ ਕੇਂਦਰ ਸਰਕਾਰਾਂ ਨੇ ਸਮੇਂ ਸਿਰ ਆੜਤੀਆਂ ਦੀਆਂ ਲੰਬਿਤ ਮੰਗਾਂ ਨਾ ਮੰਨੀਆਂ ਤਾਂ ਮਜਬੂਰਨ ਮੰਡੀਆਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਫਗਵਾੜਾ ਦੀ ਹੁਸ਼ਿਆਰਪੁਰ ਰੋਡ ਸਥਿਤ ਮੁੱਖ ਅਨਾਜ ਮੰਡੀ ਤੋਂ ਇਲਾਵਾ ਰਿਹਾਣਾ ਜੱਟਾਂ, ਪਾਂਛਟ, ਵਾਹਦ ਤੇ ਰਾਣੀਪੁਰ ਆਦਿ ਕਿਸੇ ਵੀ ਮੰਡੀ ਵਿਚ ਕਣਕ ਦੀ ਖਰੀਦ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਨਾ ਤਾਂ ਪ੍ਰਾਈਵੇਟ ਤੇ ਨਾ ਹੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾਵੇਗੀ। ਆੜਤੀਆਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕਾਲੇ ਝੰਡੇ ਲਗਾ ਕੇ ਵਿਰੋਧ ਕੀਤਾ ਜਾਵੇਗਾ। ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਆੜ੍ਹਤੀ ਆਪਣੀ ਆੜ੍ਹਤ ਪਹਿਲਾਂ ਵਾਂਗ 2.5 ਪ੍ਰਤੀਸ਼ਤ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਵੱਲੋਂ ਮੱਖੂ ਜਨਰਲ ਇਜਲਾਸ ਤੋਂ ਬਾਅਦ ਆੜ੍ਹਤ ਵਿਚ ਸਿਰਫ਼ 46 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 50 ਰੁਪਏ 74 ਪੈਸੇ ਕੀਤੀ ਗਈ ਹੈ, ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ। ਉਨ੍ਹਾਂ ਨੇ ਐੱਫਸੀਆਈ ਵੱਲੋਂ 55 ਕਰੋੜ ਰੁਪਏ ਤੇ ਪੰਜਾਬ ਸਰਕਾਰ ਵੱਲੋਂ 3 ਕਰੋੜ ਰੁਪਏ ਦੀ ਕੀਤੀ ਗਈ ਈਪੀਐੱਫ ਕਟੌਤੀ ਨੂੰ ਤੁਰੰਤ ਵਾਪਸ ਕਰਨ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਮੰਡੀਆਂ ਵਿਚ ਦੁਕਾਨਾਂ ਦੀ ਵਨ-ਟਾਈਮ ਸੈਟਲਮੈਂਟ, ਠੇਕੇਦਾਰਾਂ ਵੱਲੋਂ ਘੱਟ ਰੇਟ ‘ਤੇ ਟੈਂਡਰ ਲੈ ਕੇ ਆੜ੍ਹਤੀਆਂ ਦਾ ਸ਼ੋਸ਼ਣ, ਖਰੀਦ ਏਜੰਸੀਆਂ ਵੱਲੋਂ ਲਿਫਟਿੰਗ ਵਿਚ ਦੇਰੀ ਆਦਿ ਮਸਲੇ ਵੀ ਕਈ ਵਾਰ ਸਰਕਾਰਾਂ ਅੱਗੇ ਰੱਖੇ ਗਏ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਸਮੂਹ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਆਪਸੀ ਏਕਤਾ ਬਣਾਈ ਰੱਖਣ ਤਾਂ ਜੋ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਮੀਟਿੰਗ ਦੌਰਾਨ ਹਾਜ਼ਰ ਆੜ੍ਹਤੀਆਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਹਰ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪੁਨੀਤ ਕੁਮਾਰ, ਅਸ਼ਵਨੀ ਕੁਮਾਰ, ਵਿਕਾਸ ਬਾਂਸਲ, ਸਨੀ, ਪਰਗਟ ਸਿੰਘ, ਪ੍ਰਮੋਦ ਦੁੱਗਲ, ਆਸ਼ੂ ਅਰੋੜਾ, ਰਾਜੀਵ ਗੁਪਤਾ, ਦੀਪਕ ਗੁਪਤਾ, ਵਿਨੀਸ਼ ਸੂਦ, ਸ਼ਿਵ ਕੁਮਾਰ ਅਗਰਵਾਲ, ਤਰਸੇਮ ਸਿੰਘ ਭੋਗਲ, ਅਰੁਣ ਕਲੂਚਾ, ਨਵੀਨ ਕੁਮਾਰ, ਅਨਿਲ ਗੁਪਤਾ ਆਦਿ ਹਾਜ਼ਰ ਸਨ।