ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ : ਜੀਟੀਯੂ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ ਮੰਗ
Publish Date: Mon, 23 Mar 2026 06:49 PM (IST)
Updated Date: Mon, 23 Mar 2026 06:52 PM (IST)

ਫਗਵਾੜਾ : ਗਗਨਦੀਪ ਸਿੰਘ ਰੰਧਾਵਾ, ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਵੇਅਰ ਹਾਊਸ ਵੱਲੋਂ ਸਿਸਟਮ ਤੇ ਗ਼ਲਤ ਰਾਜਨੀਤਿਕ ਪ੍ਰਣਾਲੀ ਦੇ ਕਾਰਨ ਕੀਤੀ ਆਤਮਹੱਤਿਆ ਕਰਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਨਾਲ ਪੰਜਾਬ ਸਰਕਾਰ ਤੇ ਇਸ ਦੇ ਪੂਰੇ ਸਿਸਟਮ ਦੀ ਜੋ ਤਸਵੀਰ ਸਾਹਮਣੇ ਆਈ ਹੈ ਉਸ ਨਾਲ ਪੂਰਾ ਪੰਜਾਬ ਹੈਰਾਨ ਤੇ ਪ੍ਰੇਸ਼ਾਨ ਹੈ। ਭਗਵੰਤ ਮਾਨ ਸਰਕਾਰ ਜਿਥੇ ਹਮੇਸ਼ਾ ਵੱਡੀਆਂ-ਵੱਡੀਆਂ ਡੀਂਗਾਂ ਮਾਰਕੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਤੇ ਆਪਣੀ ਪਾਰਟੀ ਦੀਆਂ ਚੰਗੀਆਂ ਮਿਸਾਲਾ ਦੇਣ ਤੋਂ ਥੱਕਦੇ ਨਹੀਂ ਸਨ, ਉਥੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗਗਨਦੀਪ ਸਿੰਘ ਰੰਧਾਵਾ ਦੀ ਕੁੱਟਮਾਰ ਕਰਦੇ ਹਨ ਤੇ ਆਪਣੇ ਗੈਂਗਸਟਰ ਵੱਲੋਂ ਧਮਕੀਆਂ ਦਿਵਾਉਂਦੇ ਹਨ। ਗਗਨਦੀਪ ਰੰਧਾਵਾ ਦੀ ਖ਼ੁਦਕੁਸ਼ੀ ਨੇ ਪੰਜਾਬ ਸਰਕਾਰ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ, ਨਾਲ ਹੀ ਇਸ ਆਤਮਹੱਤਿਆ ਨਾਲ਼ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਜੋ ਘਾਟਾ ਪਿਆ ਹੈ ਉਸ ਬਾਰੇ ਵੀ ਪੰਜਾਬ ਦੇ ਲੋਕ ਚਿੰਤਤ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਤੇ ਤਹਿਸੀਲ ਫਗਵਾੜਾ ਦੇ ਦਲਜੀਤ ਸਿੰਘ ਸੈਣੀ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਸਰਕਾਰ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ ਤੇ ਸਿੱਧ ਕਰਦੀ ਹੈ ਕਿ ਸਰਕਾਰ ਦੇ ਪੱਖ ਵਿਚ ਨਾ-ਭੁਗਤਣ ਲਈ ਸਰਕਾਰ ਦੇ ਕਿਸੇ ਅਧਿਕਾਰੀ ਨੂੰ ਆਪਣੀ ਜਾਨ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਯੂਨੀਅਨ ਦੇ ਆਗੂਆਂ ਨੇ ਇਸ ਮੰਦਭਾਗੀ ਘਟਨਾ ਸਬੰਧੀ ਮੁੱਖ ਮੰਤਰੀ ਪੰਜਾਬ ਕੋਲ, ਜੋ ਕਿ ਆਪਣੀ ਸਰਕਾਰ ਤੇ ਇਸ ਦੇ ਨੁਮਾਇੰਦਿਆਂ ਨੂੰ ਇਮਾਨਦਾਰ ਤੇ ਬੇਦਾਗ਼ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ, ਨੂੰ ਰੰਧਾਵਾ ਪਰਿਵਾਰ ਨਾਲ਼ ਹਮਦਰਦੀ ਪ੍ਰਗਟ ਕਰਦੇ ਹੋਏ, ਉਨ੍ਹਾਂ ਦੀ ਹਰ ਪੱਖ ਤੋਂ ਸੁਣਵਾਈ ਕਰਕੇ ਇਸ ਘਿਨੌਣੀ ਹਰਕਤ ਲਈ ਜ਼ਿੰਮੇਵਾਰ ਲੋਕਾਂ ਨੂੰ ਮਿਸਾਲੀ ਸਜ਼ਾ ਦਿਵਾਕੇ ਆਪਣੇ ਅਹੁਦੇ ਦੀ ਮਰਿਆਦਾ ਰੱਖਣ ਦੀ ਮੰਗ ਕੀਤੀ ਹੈ।