ਜੀਟੀਯੂ ਨੇ ਐੱਮ-ਸਟਾਰ ਐਪ ਰਾਹੀਂ ਹਾਜ਼ਰੀ ਦਾ ਕੀਤਾ ਵਿਰੋਧ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਐਮ-ਸਟਾਰ ਐਪ ਰਾਹੀਂ ਹਾਜ਼ਰੀ ਦਾ ਸਖ਼ਤ ਵਿਰੋਧ
Publish Date: Thu, 16 Apr 2026 08:12 PM (IST)
Updated Date: Thu, 16 Apr 2026 08:15 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਤੇ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਐੱਮ-ਸਟਾਰ ਐਪ ਰਾਹੀਂ ਅਧਿਆਪਕਾਂ ਦੀ ਹਾਜ਼ਰੀ ਲਗਾਉਣ ਦਾ ਫੈਸਲਾ ਸੰਵਿਧਾਨ ਦੀ ਧਾਰਾ 21 ਤਹਿਤ ਮਿਲੇ ਨਿੱਜਤਾ ਦੇ ਅਧਿਕਾਰ ਅਤੇ ਸੁਪਰੀਮ ਕੋਰਟ ਦੇ ਇਤਿਹਾਸਿਕ ਫੈਸਲੇ ਜਿਸ ਵਿੱਚ ਕਿਸੇ ਵੀ ਵਿਅਕਤੀ ਦੀ ਨਿੱਜਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਐਪ ਰਾਹੀਂ ਲੋਕੇਸ਼ਨ ਟਰੇਸ ਕਰਨਾ ਅਧਿਆਪਕਾਂ ਦੀ ਨਿੱਜੀ ਆਜ਼ਾਦੀ ’ਤੇ ਹਮਲਾ ਹੈ। ਪੰਜਾਬ ਦੇ ਅਧਿਆਪਕ ਆਪਣੀ ਡਿਊਟੀ ਬੜੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ, ਪ੍ਰੰਤੂ ਵਿਭਾਗ ਉਨ੍ਹਾਂ ਤੇ ਇਤਬਾਰ ਕਰਨ ਦੀ ਬਜਾਏ ਅਜਿਹੇ ਗੁੰਝਲਦਾਰ ਤਰੀਕੇ ਥੋਪ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸੈਂਕੜਿਆਂ ਦੀ ਤਾਦਾਦ ’ਚ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਓਜ਼ ਦੀਆਂ ਪੋਸਟਾਂ ਖਾਲੀ ਹਨ, ਜਿਸ ਕਾਰਨ ਪ੍ਰਬੰਧਕੀ ਢਾਂਚਾ ਪਹਿਲਾਂ ਹੀ ਪ੍ਰਭਾਵਿਤ ਹੈ। ਆਗੂਆਂ ਨੇ ਕਿਹਾ ਜਿਹੜੇ ਕੰਪਿਊਟਰ ਅਧਿਆਪਕ ਡੈਪੂਟੇਸ਼ਨ ’ਤੇ ਇੱਕ ਤੋਂ ਦੂਸਰੇ ਸਕੂਲ ਵਿੱਚ ਜਾਂਦੇ ਹਨ, ਉਨ੍ਹਾਂ ਦੀ ਹਾਜ਼ਰੀ ਲਗਾਉਣ ਦਾ ਇਸ ਐਪ ਵਿੱਚ ਕੋਈ ਸਪੱਸ਼ਟ ਪ੍ਰਬੰਧ ਨਹੀਂ ਹੈ। ਇਸੇ ਤਰ੍ਹਾਂ ਬੀਐੱਲਓ ਜਨਗਣਨਾ ਅਤੇ ਹੋਰ ਬਾਹਰੀ ਡਿਊਟੀਆਂ ਤੇ ਤਾਇਨਾਤ ਅਧਿਆਪਕ ਆਪਣੀ ਹਾਜ਼ਰੀ ਕਿਵੇਂ ਲਗਾਉਣਗੇ, ਇਸ ਬਾਰੇ ਵੀ ਵਿਭਾਗ ਕੋਲ ਕੋਈ ਜਵਾਬ ਨਹੀਂ ਹੈ। ਅਜਿਹੀਆਂ ਖਾਮੀਆਂ ਕਾਰਨ ਅਧਿਆਪਕ ਭਾਰੀ ਮਾਨਸਿਕ ਪਰੇਸ਼ਾਨੀ ਅਤੇ ਉਲਝਣਾਂ ਵਿੱਚੋਂ ਗੁਜ਼ਰ ਰਹੇ ਹਨ। ਯੂਨੀਅਨ ਨੇ ਅੱਜ ਵਾਪਰੇ ਦਰਦਨਾਕ ਹਾਦਸੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਸ ਵਿੱਚ ਇੱਕ ਅਧਿਆਪਕਾ ਦੀ ਮੌਤ ਹੋ ਗਈ ਅਤੇ ਅਧਿਆਪਕ ਆਗੂ ਦੀਪਕ ਕੰਬੋਜ ਗੰਭੀਰ ਜ਼ਖਮੀ ਹੋਏ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਮ੍ਰਿਤਕ ਅਧਿਆਪਕਾ ਦੇ ਪਰਿਵਾਰ ਨੂੰ ਤੁਰੰਤ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਜ਼ਖਮੀ ਅਧਿਆਪਕ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇ। ਆਗੂਆਂ ਨੇ ਅਖੀਰ ਵਿੱਚ ਕਿਹਾ ਕਿ ਅਧਿਆਪਕਾਂ ’ਤੇ ਪਹਿਲਾਂ ਹੀ ਗੈਰ-ਵਿੱਦਿਅਕ ਕੰਮਾਂ ਦਾ ਬਹੁਤ ਜ਼ਿਆਦਾ ਬੋਝ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਕਨੀਕੀ ਅੜਿੱਕੇ ਪਾਉਣ ਦੀ ਬਜਾਏ ਸਕੂਲ ਮੁਖੀਆਂ ਅਤੇ ਅਧਿਕਾਰੀਆਂ ਤੇ ਵਿਸ਼ਵਾਸ ਕਰੇ। ਜੇਕਰ ਐੱਮ-ਸਟਾਰ ਰਾਹੀਂ ਹਾਜ਼ਰੀ ਦਾ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।