ਸਰਕਾਰ ਜੇਸੀਟੀ ਮਿਲ ਨੂੰ ਦੁਬਾਰਾ ਸ਼ੁਰੂ ਕਰਾਏ : ਇੰਟਕ
ਜੇਸੀਟੀ ਮਿਲ ਨੂੰ ਦੁਬਾਰਾ ਸ਼ੁਰੂ ਕਰਨ ਲਈ ਸਰਕਾਰ ਤੁਰੰਤ ਕਦਮ ਚੁੱਕੇ : ਇੰਟਕ ਪ੍ਰਧਾਨ ਧਰਮਿੰਦਰ
Publish Date: Sun, 08 Mar 2026 06:50 PM (IST)
Updated Date: Sun, 08 Mar 2026 06:54 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਜੇਸੀਟੀ ਕਾਟਨ ਟੈਕਸਟਾਈਲ ਫਗਵਾੜਾ ਦੇ ਮਜ਼ਦੂਰ ਆਗੂ ਤੇ ਜੇਸੀਟੀ ਇੰਟਕ ਯੂਨੀਅਨ ਦੇ ਸ਼ਾਖਾ ਪ੍ਰਧਾਨ ਧਰਮਿੰਦਰ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਜੇਸੀਟੀ ਮਿਲ ਨੂੰ ਤੁਰੰਤ ਦੁਬਾਰਾ ਚਾਲੂ ਕਰਨ ਲਈ ਲਾਜ਼ਮੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਮਿਲ ਦੇ ਬੰਦ ਹੋਣ ਕਾਰਨ ਹਜ਼ਾਰਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ ਤੇ ਉਨ੍ਹਾਂ ਨੂੰ ਹੋਰ ਕਿਤੇ ਰੋਜ਼ਗਾਰ ਲੱਭਣ ਵਿਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਅੱਜ ਇਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮਿਲ ਦੀ ਤਾਲਾਬੰਦੀ ਲਈ ਅਧਿਕਾਰੀਆਂ ਦਾ ਭ੍ਰਿਸ਼ਟਾਚਾਰ ਜ਼ਿੰਮੇਵਾਰ ਹੈ। ਮਜ਼ਦੂਰਾਂ ਨੇ ਹਮੇਸ਼ਾ ਮਿਲ ਦੀ ਤਰੱਕੀ ਲਈ ਆਪਣਾ ਖੂਨ-ਪਸੀਨਾ ਵਹਾਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਹਜ਼ਾਰਾਂ ਮਜ਼ਦੂਰ ਆਪਣੀ ਮਿਹਨਤ ਦੇ ਜ਼ੋਰ ’ਤੇ ਜੇਸੀਟੀ ਮਿਲ ਨੂੰ ਦੁਬਾਰਾ ਖੜ੍ਹਾ ਕਰਨ ਲਈ ਤਿਆਰ ਬੈਠੇ ਹਨ, ਪਰ ਪਹਿਲਾਂ ਉਨ੍ਹਾਂ ਦੇ ਬਕਾਇਆ ਈਪੀਐੱਫ, ਤਨਖ਼ਾਹ ਤੇ ਭੱਤਿਆਂ ਦਾ ਹਿਸਾਬ ਕੀਤਾ ਜਾਣਾ ਚਾਹੀਦਾ ਹੈ। ਇੰਟਕ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਪ੍ਰਧਾਨ ਸੁਰਿੰਦਰ ਸ਼ਰਮਾ ਤੇ ਏਆਈਸੀਸੀ ਦੇ ਸਕੱਤਰ ਤੇ ਪੰਜਾਬ ਇੰਚਾਰਜ ਇੰਟਕ ਰਵਿੰਦਰ ਦਲਵੀ ਨਾਲ ਮੁਲਾਕਾਤ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਤੇ ਮਜ਼ਦੂਰਾਂ ਦੀ ਆਵਾਜ਼ ਕਾਂਗਰਸ ਦੇ ਸੰਸਦ ਮੈਂਬਰਾਂ ਰਾਹੀਂ ਸੰਸਦ ਵਿਚ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਜ਼ਦੂਰਾਂ ਦੇ ਹਿੱਤ ਵਿਚ ਨਿੱਜੀ ਦਖ਼ਲ ਦੇ ਕੇ ਮਿਲ ਨੂੰ ਦੁਬਾਰਾ ਚਾਲੂ ਕਰਵਾਏ ਤੇ ਜਿੰਨੇ ਵੱਧ ਤੋਂ ਵੱਧ ਕਾਰੀਗਰਾਂ ਤੇ ਮਜ਼ਦੂਰਾਂ ਨੂੰ ਨੌਕਰੀ ’ਚ ਰੱਖਿਆ ਜਾ ਸਕਦਾ ਹੈ, ਰੱਖਿਆ ਜਾਵੇ। ਬਾਕੀਆਂ ਨੂੰ ਉਨ੍ਹਾਂ ਦਾ ਬਕਾਇਆ ਵਿਆਜ ਸਮੇਤ ਦਿੱਤਾ ਜਾਵੇ ਤਾਂ ਜੋ ਉਹ ਕਿਤੇ ਹੋਰ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰ ਸਕਣ। ਇਸ ਮੌਕੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਮਿਲ ਦੀ ਥਾਪਰ ਕਾਲੋਨੀ ਵਿਚ ਬਿਜਲੀ, ਪਾਣੀ ਦੀ ਸਪਲਾਈ ਤੇ ਸਫ਼ਾਈ ਦਾ ਢੰਗ ਨਾਲ ਪ੍ਰਬੰਧ ਕੀਤਾ ਜਾਵੇ ਤਾਂ ਜੋ ਗਰਮੀ ਦੇ ਮੌਸਮ ਵਿਚ ਔਰਤਾਂ, ਬਜ਼ੁਰਗਾਂ, ਬੱਚਿਆਂ ਤੇ ਬਿਮਾਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਢੰਗ ਦੀ ਰਿਹਾਇਸ਼ ਮਜ਼ਦੂਰ ਪਰਿਵਾਰਾਂ ਦਾ ਬੁਨਿਆਦੀ ਮਨੁੱਖੀ ਅਧਿਕਾਰ ਹੈ ਤੇ ਇਸ ਦਾ ਹਨਨ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।