ਸਰਕਾਰ ਤੁਰੰਤ ਹੜ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਵੇ : ਜੱਟ ਸਭਾ
ਸਰਕਾਰ ਤੁਰੰਤ ਹੜ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਵੇ : ਜੱਟ ਸਭਾ
Publish Date: Mon, 02 Feb 2026 10:00 PM (IST)
Updated Date: Mon, 02 Feb 2026 10:01 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜੱਟ ਸਭਾ ਵੈੱਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ ਤੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜੱਟ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਦੇ ਇਕ ਹਾਦਸੇ ਦੀ ਲਪੇਟ ਵਿਚ ਆਉਣ ’ਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਸਾਲ ਬਰਸਾਤੀ ਮੌਸਮ ਸਮੇਂ ਆਏ ਹੜ੍ਹਾਂ ਨਾਲ ਜ਼ਿੰਮੀਦਾਰ ਭਾਈਚਾਰੇ ਦਾ ਕਾਫੀ ਨੁਕਸਾਨ ਹੋਇਆ ਹੈ। ਮਾਲੀ ਤੌਰ ’ਤੇ ਹੋਏ ਇਸ ਨੁਕਸਾਨ ਦੀ ਪੂਰਨ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨ ਕੀਤੇ ਗਏ 5 ਏਕੜ ਤੱਕ ਦੇ ਮੁਆਵਜ਼ੇ ਨੂੰ ਵੀ ਸਹੀ ਢੰਗ ਨਾਲ ਪੀੜਤਾਂ ਤੱਕ ਨਹੀਂ ਪਹੁੰਚਾਇਆ ਗਿਆ, ਜਿਸ ਨਾਲ ਹੜ੍ਹ ਪੀੜਤਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਪੀੜਤਾਂ ਨੂੰ ਫਸਲਾਂ ਤੇ ਢਹਿ ਢੇਰੀ ਹੋਏ ਮਕਾਨਾਂ ਦਾ ਮੁਆਵਜ਼ਾ ਨਾ ਦੇਣਾ ਪੀੜਤਾਂ ਨਾਲ ਵੱਡਾ ਧੋਖਾ ਹੈ। ਆਗੂਆਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਐਲਾਨੇ ਹੋਏ ਮੁਆਵਜ਼ੇ ਦਾ ਭੁਗਤਾਨ ਤੁਰੰਤ ਹੜ੍ਹ ਪੀੜਤਾਂ ਨੂੰ ਕੀਤਾ ਜਾਵੇ। ਇਸ ਮੌਕੇ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਤੋਂ ਇਲਾਵਾ ਮਹਿੰਦਰ ਸਿੰਘ ਪ੍ਰਧਾਨ ਜੱਟ ਸਭਾ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਸ਼ਿੰਦਰ ਸਿੰਘ ਸਾਬਕਾ ਸਰੰਪਚ ਬੂਸੋਵਾਲ, ਦਵਿੰਦਰ ਸਿੰਘ ਬੂਸੋਵਾਲ, ਬਾਬਾ ਅਵਤਾਰ ਸਿੰਘ ਸੈਕਟਰੀ, ਸਤਨਾਮ ਸਿੰਘ ਮੋਠਾਂਵਾਲਾ, ਹਜ਼ਾਰਾ ਸਿੰਘ ਤਲਵੰਡੀ ਚੌਧਰੀਆਂ, ਅਮਰਜੀਤ ਸਿੰਘ ਨੰਬਰਦਾਰ ਫੌਜੀ ਕਾਲੋਨੀ, ਜਨਰਲ ਸਕੱਤਰ ਅਜੀਤ ਸਿੰਘ ਔਜਲਾ, ਫੌਜੀ ਕਾਲੋਨੀ, ਮਹਿੰਦਰ ਸਿੰਘ ਪ੍ਰਧਾਨ ਜੱਟ ਸਭਾ ਤਾਸ਼ਪੁਰ, ਬਲਵੰਤ ਸਿੰਘ ਖੈਹਰਾ ਬੂਸੋਵਾਲ, ਨੰਬਰਦਾਰ ਹਰਵੰਤ ਸਿੰਘ ਵੜੈਚ ਮੋਠਾਂਵਾਲਾ ਆਦਿ ਵੀ ਹਾਜ਼ਰ ਸਨ।