ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਮੰਡੀਆਂ ’ਚ ਪ੍ਰਬੰਧ ਅਧੂਰੇ
ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਮੰਡੀਆਂ ਵਿੱਚ ਪ੍ਰਬੰਧ ਅਧੂਰੇ
Publish Date: Wed, 01 Apr 2026 07:56 PM (IST)
Updated Date: Thu, 02 Apr 2026 04:11 AM (IST)

ਆੜਤੀ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ, ਨਹੀਂ ਆਈ ਕੋਈ ਕਣਕ ਦੀ ਢੇਰੀ ਮੰਡੀ ’ਚ ਘਾਹ-ਫੂਸ ਤੇ ਗੰਦਗੀ ਦਾ ਆਲਮ, ਪ੍ਰਸ਼ਾਸਨ ਤੇ ਮੰਡੀਕਰਨ ਵਿਭਾਗ ਸੁੱਤਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਇੱਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਲਈ ਕੀਤੇ ਸਾਰੇ ਦਾਅਵਿਆਂ ਦੀ ਪੋਲ ਸੁਲਤਾਨਪੁਰ ਲੋਧੀ ਦੀ ਮੁੱਖ ਦਾਣਾ ਮੰਡੀ ਖੋਲ ਰਹੀ ਹੈ। ਮੰਡੀ ਵਿੱਚ ਫੜਾਂ ਵਿੱਚ ਫੈਲੀ ਗੰਦਗੀ ਘਾਹ ਬੂਟੀ ਤੇ ਲੰਬੀ ਘਾਹ ਕਿਸੇ ਮੰਡੀ ਦਾ ਨਹੀਂ ਕਿਸੇ ਜੰਗਲ ਦੀ ਤਸਵੀਰ ਬਿਆਨ ਕਰ ਰਹੀ ਹੈ। ਸਰਕਾਰ ਦੇ ਦਾਅਵਿਆਂ ਦੀਆਂ ਧੱਜੀਆਂ ਉਡਾਉਂਦੇ ਪ੍ਰਸ਼ਾਸਨ ਤੇ ਮੰਡੀਕਰਨ ਵਿਭਾਗ ਖਾਮੋਸ਼ ਹੈ ਤੇ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਹ ਤਾਂ ਕੁਦਰਤ ਵੱਲੋਂ ਬਦਲੇ ਮੌਸਮ ਦੇ ਰੰਗ ਨੇ ਕਣਕ ਦੀ ਵਾਢੀ ਕੁਝ ਦਿਨਾਂ ਲਈ ਅੱਗੇ ਪਾ ਦਿੱਤੀ ਹੈ। ਨਹੀਂ ਤਾਂ ਹੁਣ ਤੱਕ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਜਾਣੀ ਸੀ। ਲੱਖਾਂ ਰੁਪਏ ਦੀ ਮਾਰਕੀਟ ਫੀਸ ਰਾਹੀਂ ਰੈਵੀਨਿਊ ਇਕੱਠਾ ਕਰਨ ਵਾਲੇ ਮੰਡੀਕਰਨ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਮੰਡੀ ਵਿੱਚ ਕਿਸਾਨਾਂ ਆੜਤੀਆਂ ਨੂੰ ਸਾਰੀ ਸਹੂਲਤ ਦੇਣ ਦੇ ਵਾਅਦੇ ਵੀ ਅਧੂਰੇ ਜਾਪਦੇ ਹਨ। ਮੰਡੀ ਵਿੱਚ ਹੋਏ ਕਿਸੇ ਸਮਾਗਮ ਤੋਂ ਬਾਅਦ ਪਤਾ ਨਹੀਂ ਕਿੰਨੇ ਲੰਮੇ ਸਮੇਂ ਤੋਂ ਗੰਦਗੀ ਖਾਣ ਪੀਣ ਦਾ ਕਚਰਾ, ਡਿਸਪੋਜਲ ਪਲੇਟਾਂ, ਗਲਾਸ, ਫਾਲਤੂ ਖਾਣਾ ਥਾਂ-ਥਾਂ ਤੇ ਸੁੱਟਿਆ ਹੋਇਆ ਹੈ ਤੇ ਹਾਲਤ ਹੁਣ ਇੰਨੇ ਬਦਤਰ ਹੋ ਗਏ ਹਨ ਕਿ ਉਹ ਗੰਦਗੀ ਹੁਣ ਬਦਬੂ ਫੈਲਾ ਰਹੀ ਹੈ। ਪਤਾ ਨਹੀਂ ਮੰਡੀਕਰਨ ਵਿਭਾਗ ਨੂੰ ਇਹ ਵਿਖਾਈ ਨਹੀਂ ਦਿੱਤਾ ਕਿ ਮੰਡੀਕਰਨ ਪ੍ਰਬੰਧਕ ਸਿਰਫ ਕਾਗਜਾਂ ਤੱਕ ਹੀ ਸੀਮਤ ਹਨ। ਜੇ ਅੱਜ ਸਫਾਈ ਨਹੀਂ ਹੋਈ ਤਾਂ ਕਦੋਂ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਫੜਾਂ ਦੀ ਸਫਾਈ ਹਮੇਸ਼ਾਂ ਆੜਤੀਆਂ ਵੱਲੋਂ ਪੱਲਿਓਂ ਪੈਸੇ ਖਰਚ ਕੇ ਲੇਬਰ ਤੋਂ ਕਰਵਾਈ ਜਾਂਦੀ ਹੈ ਜਦਕਿ ਮਾਰਕੀਟ ਕਮੇਟੀ ਵੱਲੋਂ ਸਿਰਫ ਸਪਰੇਅ ਕੀਤਾ ਜਾਂਦਾ ਹੈ। ਜਦਕਿ ਮੰਡੀ ਵਿੱਚ ਸਾਫ ਸਫਾਈ ਦਾ ਸੀਜ਼ਨ ਹੈ ਪਹਿਲਾਂ ਤੇ ਬਾਅਦ ਦਾ ਜਿੰਮਾ ਮਾਰਕੀਟ ਕਮੇਟੀ ਦਾ ਹੁੰਦਾ ਹੈ। ਅਜਿਹੀ ਹਾਲਤ ਵਿੱਚ ਇਹ ਲਾਪਰਵਾਹੀ ਕਿਉਂ ਹੋ ਰਹੀ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਸਿਰਫ ਡਰਾਮੇ ਕਰਦੀ ਹੈ। ਕਿਸਾਨ ਆਗੂ ਸਰਵਨ ਸਿੰਘ ਬਾਊਪੁਰ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਉਨਾਂ ਪ੍ਰਸ਼ਾਸਨ ਨੂੰ ਕਿਹਾ ਕਿ ਸੀਜਨ ਸਿਰ ਤੇ ਹੈ ਤੇ ਜਲਦ ਤੋਂ ਜਲਦ ਹਲਕੇ ਦੀਆਂ ਸਾਰੀਆਂ ਮੰਡੀਆਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ।