ਆਪ ਸਰਕਾਰ ਸੱਚ ਦੀ ਆਵਾਜ਼ ਨੂੰ ਦਬਾ ਰਹੀ : ਕੁਲਦੀਪ ਸਿੰਘ
ਸਰਕਾਰ ਫਜ਼ੂਲ ਖਰਚਿਆਂ ’ਤੇ ਸਵਾਲ ਉਠਾਉਣ ਵਾਲਿਆਂ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਕੁਲਦੀਪ ਸਿੰਘ
Publish Date: Fri, 09 Jan 2026 06:39 PM (IST)
Updated Date: Fri, 09 Jan 2026 06:42 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਬੁਨਿਆਦੀ ਮੁੱਦਿਆਂ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਫਜ਼ੂਲ ਖਰਚਿਆਂ ’ਤੇ ਸਵਾਲ ਉਠਾਉਣ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਆਮ ਆਦਮੀ ਦੇ ਨਾਮ ’ਤੇ ਬਣੀ ਇਹ ਸਰਕਾਰ ਹੁਣ ਤਾਨਾਸ਼ਾਹੀ ਦੇ ਰਾਹ ’ਤੇ ਤੁਰ ਪਈ ਹੈ, ਜੋ ਆਪਣੇ ਵਿਰੁੱਧ ਇਕ ਵੀ ਸ਼ਬਦ ਸੁਣਨ ਨੂੰ ਤਿਆਰ ਨਹੀਂ ਹੈ। ਉਪਰੋਕਤ ਵਿਚਾਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਕੁਲਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਯਾਦ ਕੀਤਾ ਕਿ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਭਲਾਈ ਲਈ ਹੈਲੀਕਾਪਟਰ ਦੀ ਵਰਤੋਂ ਕਰਦੇ ਸਨ,ਤਾਂ ਉਸ ਸਮੇਂ ਦੇ ਸੰਸਦ ਮੈਂਬਰ ਭਗਵੰਤ ਮਾਨ ਉਨ੍ਹਾਂ ’ਤੇ ਕਈ ਤਰ੍ਹਾਂ ਦੀਆਂ ਵਿਅੰਗਮਈ ਟਿੱਪਣੀਆਂ ਕਰਦੇ ਸਨ ਪਰ ਅੱਜ ਜਦੋਂ ਉਨ੍ਹਾਂ ਵਿਰੁੱਧ ਉਹੀ ਸਵਾਲ ਉਠਾਏ ਜਾ ਰਹੇ ਹਨ, ਤਾਂ ਉਹ ਦਮਨਕਾਰੀ ਨੀਤੀਆਂ ਅਪਣਾ ਰਹੇ ਹਨ। ਪੱਤਰਕਾਰ ਭਾਈਚਾਰੇ ਨੂੰ ਲੋਕਤੰਤਰ ਦੀ ਆਵਾਜ਼ ਦੱਸਦਿਆਂ ਉਨ੍ਹਾਂ ਕਿਹਾ ਕਿ ਇਕ ਪੱਤਰਕਾਰ ਦਾ ਕੰਮ ਸਰਕਾਰ ਦੀਆਂ ਗਲਤ ਨੀਤੀਆਂ ਦਾ ਤਰਕ ਨਾਲ ਵਿਰੋਧ ਕਰਨਾ ਅਤੇ ਸੱਚਾਈ ਨੂੰ ਜਨਤਾ ਦੇ ਸਾਹਮਣੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪੰਜਾਬ ਦੇ ਕੁਝ ਜਾਗਰੂਕ ਪੱਤਰਕਾਰਾਂ ਨੇ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਦੌਰਾਨ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਸਬੰਧੀ ਜਾਇਜ਼ ਸਵਾਲ ਉਠਾਏ ਸਨ। ਸਰਕਾਰ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸਨ, ਪਰ ਇਸ ਦੇ ਉਲਟ, ਸਰਕਾਰ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਪੱਤਰਕਾਰਾਂ ਵਿਰੁੱਧ ਕੇਸ ਦਰਜ ਕੀਤੇ। ਉਨ੍ਹਾਂ ਪੱਤਰਕਾਰਾਂ ਵਿਰੁੱਧ ਦਰਜ ਐੱਫਆਈਆਰਜ਼ (ਕੇਸ) ਦੀ ਸਪੱਸ਼ਟ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਪੱਤਰਕਾਰ ਭਾਈਚਾਰਾ ਜਾਂ ਹੋਰ ਸੰਗਠਨ ਇਸ ਜ਼ੁਲਮ ਵਿਰੁੱਧ ਲੜਾਈ ਦੀ ਮੰਗ ਕਰਨਗੇ, ਤਾਂ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਪੂਰੇ ਦਿਲ ਨਾਲ ਖੜ੍ਹੀ ਹੋਵੇਗੀ।