ਸਿਹਤ ਬੀਮਾ ਕਾਰਡ ਬਣਾਉਣ ’ਚ ਹੋ ਰਹੀ ਰਾਜਨੀਤੀ : ਸਹੋਤਾ
ਸਰਕਾਰ ਸਿਹਤ ਬੀਮਾ ਕਾਰਡ ਬਣਾਉਣ ਵਿੱਚ ਕਰ ਰਹੀ ਰਾਜਨੀਤੀ- ਗੁਰਜੋਤ ਸਹੋਤਾ
Publish Date: Sat, 21 Feb 2026 09:25 PM (IST)
Updated Date: Sat, 21 Feb 2026 09:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਭਗਵਾਨ ਵਾਲਮੀਕ ਸ਼੍ਰੋਮਣੀ ਸੈਨਾ ਰਜਿ. ਪੰਜਾਬ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਦੇ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਗੁਰਜੋਤ ਸਹੋਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਦਿੱਤੇ ਜਾਣ ਵਾਲੇ ਸਿਹਤ ਬੀਮਾ ਕਾਰਡ ਵਿਚ ਖੁੱਲ੍ਹ ਕੇ ਰਾਜਨੀਤੀ ਕੀਤੀ ਜਾ ਰਹੀ ਹੈ। ਜਦੋਂ ਵੀ ਕੋਈ ਆਮ ਆਦਮੀ ਸਿਹਤ ਬੀਮਾ ਕਾਰਡ ਬਣਾਉਣ ਲਈ ਉਸ ਦੁਕਾਨ ’ਤੇ ਜਾਂਦਾ ਹੈ, ਜਿਥੇ ਇਹ ਕਾਰਡ ਬਣਾਏ ਜਾਂਦੇ ਹਨ ਤਾਂ ਅੱਗੋਂ ਜਵਾਬ ਹੋਰ ਹੀ ਮਿਲਦਾ ਹੈ ਕਿ ਕਿਸੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕੋਲੋਂ ਪਰਚੀ ਲੈ ਕੇ ਆਵੋ। ਇਸ ’ਤੇ ਜਨਤਾ ਬੜੀ ਦੁਬਿਧਾ ਵਿਚ ਹੈ ਤੇ ਇਸ ਸਰਕਾਰ ਨੂੰ ਖੂਬ ਕੋਸਦੀ ਹੈ। ਸਿਹਤ ਸਹੂਲਤਾਂ ਦੇ ਨਾਂ ’ਤੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਪਰ ਫਿਰ ਵੀ ਉਨਾਂ ਨੂੰ ਕਾਰਡ ਨਸੀਬ ਨਹੀਂ ਹੋ ਰਹੇ। ਸਹੋਤਾ ਨੇ ਕਿਹਾ ਕਿ ਇਹ ਘਟੀਆ ਵਰਤਾਰਾ ਆਮ ਆਦਮੀ ਪਾਰਟੀ ਨੂੰ ਬਹੁਤ ਬੁਰੀ ਤਰ੍ਹਾਂ ਲੈ ਡੁੱਬੇਗਾ, ਜਿਸ ਦਾ ਆਮ ਆਦਮੀ ਪਾਰਟੀ ਆਪਣੀਆਂ ਰੈਲੀਆਂ ਵਿਚ ਨਜ਼ਾਰਾ ਵੇਖ ਚੁੱਕੀ ਹੈ। ਆਮ ਜਨਤਾ ਨਾਲ ਕੀਤਾ ਇਹ ਵਤੀਰਾ ਆਮ ਆਦਮੀ ਪਾਰਟੀ ਨੂੰ ਘਾਟੇਵੰਦ ਹੋਵੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਜਿੱਤ ਦੇ ਸੁਪਨੇ ਲੈਣੇ ਬੰਦ ਕਰ ਦੇਣੇ ਚਾਹੀਦੇ ਹਨ ਤੇ ਹਾਰ ਦਾ ਮੂੰਹ ਵੇਖਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਦਾ ਹੁਣ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ ਸਰਕਾਰ ਨੂੰ ਚਲਦਾ ਕਰਨ ਲਈ ਸਮੇਂ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਸਰਵਣ ਸਿੰਘ, ਨਰਾਇਣ ਨਾਹਰ, ਅਮਰਜੀਤ ਸਿੰਘ, ਮੇਜਰ ਪੱਡਾ, ਲਵ ਮਰਾਜ ਵਾਲਾ, ਰੋਹਿਤ ਸੁਲਤਾਨਪੁਰ ਲੋਧੀ, ਰੇਲੂ ਫਰੀਦ ਸਰਾਏ, ਪਰਗਣ ਉੱਪਲ ਸੁਲਤਾਨਪੁਰ ਲੋਧੀ, ਅਜੇ ਲੋਹੀਆਂ, ਗੁਰਦਿਆਲ ਸਿੰਘ ਸੁਲਤਾਨਪੁਰ ਲੋਧੀ, ਸੁੱਖਾ ਮਾਛੀ ਜੋਆ ਤੇ ਬਹੁਤ ਸਾਰੇ ਵਰਕਰ ਹਾਜ਼ਰ ਸਨ।