ਪੰਜਾਬ ਬਜਟ ਇਤਿਹਾਸ ਦਾ ਸੁਨਹਿਰੀ ਅਧਿਆਇ : ਪੱਡਾ
ਪੰਜਾਬ ਬਜਟ ਇਤਿਹਾਸ ਦਾ ਸੁਨਹਿਰੀ ਅਧਿਆਇ,ਔਰਤਾਂ ਨੂੰ ਵਿੱਤੀ ਸਹਾਇਤਾ ਦੀ ਗਰੰਟੀ ਦੀ ਸ਼ਲਾਘਾ-ਪੱਡਾ
Publish Date: Tue, 10 Mar 2026 08:46 PM (IST)
Updated Date: Tue, 10 Mar 2026 08:48 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ (ਆਪ) ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਰਾਜ ਬਜਟ 2026-27 ਨੂੰ ਇਤਿਹਾਸਕ ਤੇ ਪਰਿਵਰਤਨਸ਼ੀਲ ਦੱਸਿਆ, ਜੋ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਕੀਤੀ ਗਈ ਪੰਜਵੀਂ ਤੇ ਇਕਲੌਤੀ ਬਾਕੀ ਬਚੀ ਵੱਡੀ ਗਰੰਟੀ ਦੀ ਪੂਰਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਇਸ ਮੌਕੇ ਨੂੰ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਸੂਬੇ ਦੇ ਇਤਿਹਾਸ ਦਾ ਇਕ ਸੁਨਹਿਰੀ ਅਧਿਆਇ ਦੱਸਿਆ। ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਵੰਤ ਸਿੰਘ ਪੱਡਾ ਨੇ ਇਸ ਯਾਦਗਾਰੀ ਮੌਕੇ ਤੇ ਸਾਰੀਆਂ ਮਾਵਾਂ, ਧੀਆਂ ਤੇ ਭੈਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੂਰਅੰਦੇਸ਼ੀ ਸੋਚ ਤੋਂ ਪ੍ਰੇਰਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਪੰਜਾਬ ਦੀ ਹਰ ਔਰਤ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਇਸ ਪ੍ਰਮੁੱਖ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੱਡਾ ਨੇ ਕਿਹਾ ਕਿ ਜਨਰਲ ਵਰਗ ਦੇ ਪਰਿਵਾਰਾਂ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ,ਜਦੋਂ ਕਿ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਯੋਜਨਾ ਨਹੀਂ ਹੈ, ਸਗੋਂ ਦੁਨੀਆ ਵਿਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਪਹਿਲ ਹੈ, ਜੋ ਸਾਡੇ ਰਾਜ ਵਿਚ ਔਰਤਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਮੁੱਖ ਵਾਅਦੇ ਪੂਰੇ ਕੀਤੇ ਹਨ,ਜਿਨ੍ਹਾਂ ਵਿਚ ਸਿੱਖਿਆ ਕ੍ਰਾਂਤੀ, ਮੁਫ਼ਤ ਬਿਜਲੀ, ਸਿਹਤ ਸੰਭਾਲ ਕ੍ਰਾਂਤੀ, ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ, ਨੌਜਵਾਨਾਂ ਲਈ ਰਿਕਾਰਡ ਸਰਕਾਰੀ ਨੌਕਰੀਆਂ ਤੇ ਹੁਣ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਮਹੀਨਾਵਾਰ ਪੈਨਸ਼ਨ ਸ਼ਾਮਲ ਹਨ। ਪੱਡਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਕਰਜ਼ੇ ਨਾਲ ਭਰੇ ਖਜ਼ਾਨੇ ਨੂੰ ਵਿਰਾਸਤ ਵਿਚ ਮਿਲਣ ਦੇ ਬਾਵਜੂਦ ਰਾਜ ਸਰਕਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਵਿੱਤੀ ਅਗਵਾਈ ਹੇਠ ਨਾ ਸਿਰਫ਼ ਰਾਜ ਦੇ ਵਿੱਤ ਨੂੰ ਸਮਝਦਾਰੀ ਨਾਲ ਚਲਾਇਆ ਹੈ ਬਲਕਿ ਆਪਣੇ ਵਾਅਦਿਆਂ ਨੂੰ ਵੀ ਪੂਰਾ ਕੀਤਾ ਹੈ। ਇਹ ਬਜਟ ਲੋਕਾਂ ਤੇ ਕੋਈ ਨਵਾਂ ਟੈਕਸ ਲਗਾਏ ਬਿਨਾਂ ਸਰਕਾਰ ਦੀ ਵਿੱਤੀ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਬਜਟ ਪੇਸ਼ਕਾਰੀ ਦੌਰਾਨ ਉਤਸ਼ਾਹਜਨਕ ਸਮਰਥਨ ਨਾ ਮਿਲਣ ਤੇ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦੇ ਹੋਏ ਪੱਡਾ ਨੇ ਟਿੱਪਣੀ ਕੀਤੀ ਕਿ ਢਾਈ ਘੰਟੇ ਤੋਂ ਵੱਧ ਸਮੇਂ ਲਈ ਵਿਰੋਧੀ ਧਿਰ ਚੁੱਪ ਬੈਠੀ ਰਹੀ ਕਿਉਂਕਿ ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਸੀ। ਪਹਿਲਾਂ ਉਹ ਹਰ ਅੱਧੇ ਮਿੰਟ ਵਿਚ ਹੰਗਾਮਾ ਕਰਦੇ ਸਨ। ਇਸ ਇਤਿਹਾਸਕ ਬਜਟ ਨੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਹੈ।