ਦਿਨ-ਦਿਹਾੜੇ ਘਰ ’ਚੋਂ ਲੱਖਾਂ ਦੇ ਗਹਿਣੇ ਚੋਰੀ
ਸੰਵਾਦ ਸੂਤਰ, ਜਾਗਰਣ ਫਗਵਾੜਾ :
Publish Date: Fri, 06 Feb 2026 08:33 PM (IST)
Updated Date: Fri, 06 Feb 2026 08:35 PM (IST)
ਫਗਵਾੜਾ : ਫਗਵਾੜਾ ’ਚ ਦਿਨ ਪ੍ਰਤੀ ਦਿਨ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਚੋਰ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਹਨ। ਚੋਰੀ ਦਾ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਇਕ ਚੋਰ ਨੇ ਫਗਵਾੜਾ ਦੇ ਮੁਹੱਲਾ ਗੋਬਿੰਦਪੁਰਾ ’ਚ ਦਿਨ-ਦਿਹਾੜੇ ਇਕ ਘਰ ’ਚੋਂ ਲਗਪਗ ਇਕ ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਤੇ ਮੌਕੇ ਤੋਂ ਫਰਾਰ ਹੋ ਗਿਆ। ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਜੀਤ ਵਾਸੀ ਮੁਹੱਲਾ ਗੋਬਿੰਦਪੁਰਾ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਸੀ, ਜਦ ਕੁਝ ਸਮੇਂ ਬਾਅਦ ਵਾਪਸ ਆਈ ਤਾਂ ਦੇਖਿਆ ਕਿ ਇਕ ਨੌਜਵਾਨ ਉਨ੍ਹਾਂ ਦੇ ਘਰ ਤੋਂ ਬਾਹਰ ਨਿਕਲ ਰਿਹਾ ਸੀ। ਜਦ ਤੱਕ ਉਹ ਉਸ ਦੇ ਨੇੜੇ ਪਹੁੰਚੀ, ਉਕਤ ਨੌਜਵਾਨ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦ ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਘਰ ਦੇ ਅੰਦਰ ਪਈ ਲੋਹੇ ਦੀ ਪੇਟੀ ’ਚੋਂ ਤਿੰਨ ਜੋੜੀ ਸੋਨੇ ਦੀਆਂ ਵਾਲੀਆਂ, ਦੋ ਜੋੜੀ ਚਾਂਦੀ ਦੀਆਂ ਝਾਂਜਰਾਂ ਤੇ ਇਕ ਚਾਂਦੀ ਦਾ ਕੰਗਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਫਗਵਾੜਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਮੌਕੇ ’ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ।